ਖੰਨਾ : ਲੁਧਿਆਣਾ ’ਚ ਪੁਲਿਸ ਨੇ ਇੱਕ ਔਰਤ ਨਾਲ ਜਬਰ ਜਨਾਹ ਕਰਨ ਦੇ ਦੋਸ਼ ’ਚ ਇੱਕ ਨਕਲੀ ਡੀਐੱਸਪੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਪੁਲਿਸ ਦੀ ਵਰਦੀ ਪਾ ਕੇ ਸਮਾਜਿਕ ਸਮਾਗਮਾਂ ’ਚ ਸ਼ਾਮਲ ਹੁੰਦਾ ਸੀ। ਜਾਂਚ ’ਚ ਖੁਲਾਸਾ ਹੋਇਆ ਹੈ ਕਿ ਉਸਨੇ ਕਥਿਤ ਤੌਰ ‘ਤੇ ਨਕਲੀ ਡੀਐੱਸਪੀ ਬਣ ਕੇ ਔਰਤ ਨੂੰ ਆਪਣੇ ਜਾਲ ’ਚ ਫਸਾਇਆ ਸੀ। ਉਸ ਵਿਰੁੱਧ 2020 ’ਚ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੰਜਾਬ ਪੁਲਿਸ ਨੇ ਮੁਲਜ਼ਮ ਦੀ ਪਛਾਣ ਕਰਨਵੀਰ ਸ਼ਰਮਾ ਵਜੋਂ ਕੀਤੀ, ਜੋ ਕਿ ਪਿੰਡ ਕੱਦੋਂ ਦਾ ਰਹਿਣ ਵਾਲਾ ਹੈ। ਪੁਲਿਸ ਅਨੁਸਾਰ ਮੁਲਜ਼ਮ ਵਿਰੁੱਧ 8 ਅਗਸਤ 2020 ਨੂੰ ਸਿਟੀ ਪੁਲਿਸ ਸਟੇਸ਼ਨ 2 ਖੰਨਾ ਵਿਖੇ ਐਫਆਈਆਰ ਨੰਬਰ 123 ਦਰਜ ਕੀਤੀ ਗਈ ਸੀ। ਇਸ ਮਾਮਲੇ ’ਚ ਜਬਰ ਜਨਾਹ ਦੇ ਦੋਸ਼ ਸ਼ਾਮਲ ਹਨ। ਅਦਾਲਤੀ ਕਾਰਵਾਈ ਤੋਂ ਲੰਬੇ ਸਮੇਂ ਤੱਕ ਗੈਰਹਾਜ਼ਰੀ ਕਾਰਨ ਮੁਲਜ਼ਮ ਨੂੰ ਅਦਾਲਤ ਨੇ ਭਗੌੜਾ ਐਲਾਨ ਦਿੱਤਾ ਸੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਮਾਮਲੇ ’ਚ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਕਰਨਵੀਰ ਸ਼ਰਮਾ ’ਤੇ ਦੋਸ਼ ਹੈ ਕਿ ਉਸਨੇ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਡੀਐੱਸਪੀ ਦੱਸ ਕੇ ਲੋਕਾਂ ’ਚ ਆਪਣੀ ਇੱਕ ਪਛਾਣ ਬਣਾਈ। ਸਾਹਮਣੇ ਆਈਆਂ ਕੁਝ ਫੋਟੋਆਂ ਤੇ ਵੀਡੀਓਜ਼ ’ਚ ਉਹ ਇੱਕ ਡੀਐੱਸਪੀ ਦੀ ਵਰਦੀ ’ਚ ਦਿਖਾਈ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਇੱਕ ਪੁਲਿਸ ਅਧਿਕਾਰੀ ਵਜੋਂ ਵੱਖ-ਵੱਖ ਖੇਡ ਟੂਰਨਾਮੈਂਟਾਂ ਤੇ ਸਮਾਜਿਕ ਸਮਾਗਮਾਂ ’ਚ ਵੀ ਸ਼ਿਰਕਤ ਕੀਤੀ। ਉਹ ਮੁੱਖ ਮਹਿਮਾਨ ਵਜੋਂ ਕਈ ਸਮਾਗਮਾਂ ’ਚ ਸ਼ਾਮਲ ਹੋਇਆ। ਪੁਲਿਸ ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਨੇ ਪੁਲਿਸ ਅਧਿਕਾਰੀ ਵਜੋਂ ਆਪਣੀ ਝੂਠੀ ਪਛਾਣ ਦੀ ਵਰਤੋਂ ਕਰਕੇ ਔਰਤ ਨਾਲ ਸੰਪਰਕ ਕੀਤਾ ਸੀ। ਇਸ ਮਾਮਲੇ ਦੇ ਸਬੰਧ ’ਚ 2020 ’ਚ ਉਸਦੇ ਖਿਲਾਫ ਜਬਰ ਜਨਾਹ ਦੀ ਐਫਆਈਆਰ ਦਰਜ ਕੀਤੀ ਗਈ ਸੀ।ਕਰਨਵੀਰ ਸ਼ਰਮਾ ਦਾ ਨਾਮ 2024 ’ਚ ਜੰਮੂ ਤੇ ਕਸ਼ਮੀਰ ’ਚ ਸਾਹਮਣੇ ਆਏ ਇੱਕ ਹੋਰ ਮਾਮਲੇ ’ਚ ਵੀ ਸੁਰਖੀਆਂ ’ਚ ਆਇਆ ਸੀ। ਸ਼੍ਰੀਨਗਰ ਪੁਲਿਸ ਨੇ ਉਸਨੂੰ ਤੇ ਇੱਕ ਹੋਰ ਨੌਜਵਾਨ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਕਥਿਤ ਤੌਰ ’ਤੇ ਨਹਿਰੂ ਪਾਰਕ ਖੇਤਰ ’ਚ ਪੁਲਿਸ ਵਰਦੀ ’ਚ ਘੁੰਮ ਰਹੇ ਸਨ।
ਪੁਲਿਸ ਨੂੰ ਉਨ੍ਹਾਂ ਦੀਆਂ ਗਤੀਵਿਧੀਆਂ ਸ਼ੱਕੀ ਲੱਗੀਆਂ। ਪੁੱਛਗਿੱਛ ਦੌਰਾਨ ਜਦੋਂ ਉਨ੍ਹਾਂ ਤੋਂ ਪਛਾਣ ਤੇ ਦਸਤਾਵੇਜ਼ ਮੰਗੇ ਗਏ, ਤਾਂ ਪੁਲਿਸ ਅਧਿਕਾਰੀਆਂ ਵਜੋਂ ਉਨ੍ਹਾਂ ਦੀ ਪਛਾਣ ਸ਼ੱਕੀ ਪਾਈ ਗਈ। ਬਾਅਦ ਦੀ ਜਾਂਚ ’ਚ ਕਰਨਵੀਰ ਇੱਕ ਨਕਲੀ ਡੀਐੱਸਪੀ ਹੋਣ ਦਾ ਖੁਲਾਸਾ ਹੋਇਆ। ਪੁਲਿਸ ਨੇ ਉਸ ਦੇ ਨਾਲ ਆਏ ਨੌਜਵਾਨ ਵਿਰੁੱਧ ਵੀ ਕਾਰਵਾਈ ਕੀਤੀ।









