ਪੰਜਾਬ ਦੇ ਸਿਹਤ ਵਿਭਾਗ ਵਿੱਚ ਕੰਮ ਕਰਦੇ ਐੱਨ ਐੱਚ ਐੱਮ ਮੁਲਾਜ਼ਮਾਂ ਨੇ ਮੰਗਾਂ ਮਨਵਾਉਣ ਲਈ ਰੋਸ ਪ੍ਰਦਰਸ਼ਨ ਕਰਦਿਆਂ ਸੜਕ ’ਤੇ ਟਰੈਫਿਕ ਜਾਮ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਆਗੂਆਂ ਨੇ ਕਿਹਾ ਕਿ ਐੱਨ ਐੱਚ ਐੱਮ ਯੂਨੀਅਨ ਪੰਜਾਬ ਭਰ ਵਿੱਚ ਸਾਥੀਆਂ ਦੇ ਸਹਿਯੋਗ ਨਾਲ 13 ਅਗਸਤ ਤੋਂ ਲਗਾਤਾਰ ਹੜਤਾਲ ’ਤੇ ਚੱਲ ਰਹੀ ਹੈ। ਮੁਲਾਜ਼ਮਾਂ ਨੇ ਸਰਕਾਰ ਅਤੇ ਵਿਭਾਗ ਦੇ ਰਵੱਈਏ ਨੂੰ ਦੇਖਦੇ ਹੋਏ ਸੰਘਰਸ਼ ਨੂੰ ਤਿੱਖਾ ਕਰਨ ਦਾ ਫੈਸਲਾ ਲਿਆ, ਜਿਸ ਦੀ ਕੜੀ ਵਜੋਂ ਅੱਜ ਦਫਤਰ ਅੱਗੇ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਸੜਕ ’ਤੇ ਸੰਕੇਤਕ ਟਰੈਫਿਕ ਰੋਕਿਆ ਗਿਆ।ਮੁਲਾਜ਼ਮ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਮਾਮੂਲੀ ਜਿਹੀ ਦਸ ਹਜ਼ਾਰ ਰੁਪਏ ਤਨਖ਼ਾਹ ਵਜੋਂ ਦਿੱਤੇ ਜਾ ਰਹੇ ਹਨ, ਜਦਕਿ ਉਨ੍ਹਾਂ ਤੋਂ ਲੱਖ ਰੁਪਏ ਤਨਖ਼ਾਹ ਲੈਣ ਵਾਲੇ ਮੁਲਾਜ਼ਮਾਂ ਜਿੰਨਾ ਕੰਮ ਲਿਆ ਜਾਂਦਾ ਹੈ। ਉਨ੍ਹਾਂ ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਦੇਣ ਦੀ ਮੰਗ ਕੀਤੀ।
ਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਭਰੋਸਾ ਦਿੱਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣੀ ਤਾਂ ਐੱਨ ਐੱਚ ਐੱਮ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ ਪਰ ਹੁਣ ਸਰਕਾਰ ਦੇ ਸਾਢੇ ਚਾਰ ਸਾਲ ਬੀਤਣ ’ਤੇ ਵੀ ਲਾਰਿਆਂ ਤੋਂ ਸਿਵਾਏ ਕੁੱਝ ਨਹੀਂ ਮਿਲਿਆ।
ਯੂਨੀਅਨ ਦੇ ਫ਼ੈਸਲੇ ਮੁਤਾਬਕ ਅੱਜ ਸੂਬੇ ਭਰ ਵਿੱਚ ਸਿਵਲ ਸਰਜਨ ਦਫ਼ਤਰਾਂ ਦੇ ਬਾਹਰ ਧਰਨੇ ਦਿੱਤੇ ਗਏ। ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਐੱਨ ਐੱਚ ਐੱਮ ਮੁਲਾਜ਼ਮਾਂ ਨੇ ਪੁਰਾਣੀ ਕਚਹਿਰੀ ਚੌਕ ਵਿੱਚ ਵੀ ਪ੍ਰਦਰਸ਼ਨ ਕੀਤਾ। ਆਗੂਆਂ ਨੇ 27 ਅਗਸਤ ਦੇ ਬੰਦ ਦਾ ਸਮਰਥਨ ਕੀਤਾ ਕਰਨ ਦਾ ਐਲਾਨ ਕੀਤਾ।
ਆਮ ਆਦਮੀ ਕਲੀਨਿਕ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਲੋਕ ਖੱਜਲ
ਲੁਧਿਆਣਾ: ਸਾਂਝਾ ਫਰੰਟ ਆਮ ਆਦਮੀ ਕਲੀਨਿਕ ਪੰਜਾਬ ਦੇ ਬੈਨਰ ਹੇਠ ਸਟਾਫ਼, ਫਾਰਮਾਸਿਸਟ ਅਤੇ ਸਹਿਯੋਗੀ ਕਰਮਚਾਰੀ ਕੰਮ ਛੱਡ ਹੜਤਾਲ ’ਤੇ ਹਨ। ਸ਼ਹਿਰ ਵਿੱਚ ਕੁੱਲ 131 ਕਲੀਨਿਕਾਂ ਵਿੱਚੋਂ ਲਗਭਗ 70 ਤੋਂ ਵੱਧ ਕੇਂਦਰਾਂ ’ਤੇ ਮੰਗਲਵਾਰ ਨੂੰ ਸੁੰਨ ਪਸਰੀ ਰਹੀ ਅਤੇ ਮਰੀਜ਼ਾਂ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ। ਹਾਲਾਂਕਿ, ਕੁੱਝ ਸੀਮਤ ਕੇਂਦਰਾਂ ’ਤੇ ਆਮ ਸੇਵਾਵਾਂ ਜਾਰੀ ਰਹੀਆਂ, ਪਰ ਪ੍ਰਦਰਸ਼ਨਕਾਰੀ ਜਥੇਬੰਦੀ ਹੁਣ ਹੋਰ ਮੁਲਾਜ਼ਮਾਂ ਨੂੰ ਵੀ ਇਸ ਅੰਦੋਲਨ ਨਾਲ ਜੋੜਨ ਦੇ ਯਤਨਾਂ ਵਿੱਚ ਜੁਟੀ ਹੋਈ ਹੈ। ਮੁਲਾਜ਼ਮਾਂ ਨੇ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸਿਵਲ ਸਰਜਨ ਦਫ਼ਤਰ ਦੇ ਵਿਹੜੇ ਵਿੱਚ ਨਾਅਰੇਬਾਜ਼ੀ ਕੀਤੀ। ਇਸ ਵਿਰੋਧ ਪ੍ਰਦਰਸ਼ਨ ਨੂੰ ਹੋਰ ਮਜ਼ਬੂਤੀ ਦੇਣ ਲਈ ਸੀ ਐੱਚ ਓ ਸੰਘ ਅਤੇ ਐੱਨ ਐੱਚ ਐੱਮ ਯੂਨੀਅਨ ਦੇ ਨੁਮਾਇੰਦਿਆਂ ਨੇ ਵੀ ਸ਼ਮੂਲੀਅਤ ਕੀਤੀ। ਹੜਤਾਲ ’ਤੇ ਬੈਠੇ ਮੁਲਾਜ਼ਮਾਂ ਨੇ ਸਹਾਇਕ ਸਿਵਲ ਸਰਜਨ ਡਾ. ਵਿਵੇਕ ਕਟਾਰੀਆ ਨਾਲ ਮੁਲਾਕਾਤ ਕਰ ਕੇ ਮੰਗ ਪੱਤਰ ਸੌਂਪਿਆ। ਸਾਂਝਾ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਮਨਮੋਹਨ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਸੂਬਾਈ ਲੀਡਰਸ਼ਿਪ ਨੂੰ ਲਿਖਤੀ ਹੁਕਮ ਜਾਰੀ ਹੋਣ ਦਾ ਭਰੋਸਾ ਤਾਂ ਦਿੱਤਾ ਗਿਆ ਹੈ, ਪਰ ਜਦੋਂ ਤੱਕ ਜ਼ਮੀਨੀ ਪੱਧਰ ’ਤੇ ਲਿਖਤੀ ਨਿਰਦੇਸ਼ ਨਹੀਂ ਮਿਲਦੇ, ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਦੂਜੇ ਪਾਸੇ ਸੂਬੇ ਵਿੱਚ ਬੀਤੀ 13 ਅਗਸਤ ਤੋਂ ਚੱਲ ਰਿਹਾ ਐੱਨ ਐੱਚ ਐੱਮ ਕਰਮਚਾਰੀਆਂ ਦਾ ‘ਕਲਮ ਛੋੜ’ ਅਤੇ ‘ਕੰਪਿਊਟਰ ਬੰਦ’ ਅੰਦੋਲਨ ਵੀ ਹੁਣ 2 ਸਤੰਬਰ ਤੱਕ ਲਈ ਅੱਗੇ ਵਧਾ ਦਿੱਤਾ ਗਿਆ ਹੈ। ਵਿਭਾਗੀ ਮੰਤਰੀ ਨਾਲ ਤੈਅ ਪੈਨਲ ਗੱਲਬਾਤ ਵਾਰ-ਵਾਰ ਮੁਲਤਵੀ ਕੀਤੇ ਜਾਣ ਕਾਰਨ ਮੁਲਾਜ਼ਮਾਂ ਵਿੱਚ ਰੋਸ ਹੈ।









