AC ਕੋਚ ’ਚ ਆਰਾਮਦਾਇਕ ਸਫਰ ਦੀ ਉਮੀਦ ਨਾਲ ਯਾਤਰਾ ਕਰ ਰਹੇ ਯਾਤਰੀਆਂ ਨੂੰ ਉਸ ਸਮੇਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦੋਂ ਕੋਚ ’ਚ ਵੱਡੀ ਗਿਣਤੀ ’ਚ ਕਾਕਰੋਚ ਘੁੰਮਦੇ ਨਜ਼ਰ ਆਏ। ਇਸ ਤੋਂ ਗੁੱਸੇ ’ਚ ਆਏ ਯਾਤਰੀਆਂ ਨੇ ਚੇਨ ਪੁਲਿੰਗ ਕਰਕੇ ਸਹਰਸਾ-ਅਹਿਮਦਾਬਾਦ ਐਕਸਪ੍ਰੈੱਸ ਨੂੰ ਇਟਾਰਸੀ ਸਟੇਸ਼ਨ ’ਤੇ ਹੀ ਰੋਕ ਦਿੱਤਾ। ਸ਼ਿਕਾਇਤ ਮਿਲਣ ਤੋਂ ਬਾਅਦ ਰੇਲਵੇ ਤੇ RPF ਦਾ ਅਮਲਾ ਮੌਕੇ ’ਤੇ ਪਹੁੰਚਿਆ ਤੇ ਕੋਚ ਦੀ ਸਫਾਈ ਕਰਵਾਉਣ ਦੇ ਨਾਲ ਦਵਾਈ ਦਾ ਛਿੜਕਾਅ ਵੀ ਕਰਵਾਇਆ ਗਿਆ। ਇਹ ਮਾਮਲਾ ਵੀਰਵਾਰ ਰਾਤ ਦਾ ਹੈ।
19484 ਸਹਰਸਾ-ਅਹਿਮਦਾਬਾਦ ਐਕਸਪ੍ਰੈੱਸ ਰਾਤ ਕਰੀਬ 10 ਵਜੇ ਇਟਾਰਸੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਦੋ ’ਤੇ ਪਹੁੰਚੀ ਸੀ। ਟ੍ਰੇਨ ਨੂੰ ਅੱਗੇ ਵਧਣ ਦਾ ਸਿਗਨਲ ਮਿਲ ਗਿਆ ਸੀ ਤੇ ਜਿਵੇਂ ਹੀ ਇਹ ਰਵਾਨਾ ਹੋਣ ਲੱਗੀ, B-1 AC ਕੋਚ ਦੇ ਯਾਤਰੀਆਂ ਨੇ ਚੇਨ ਖਿੱਚ ਕੇ ਟ੍ਰੇਨ ਰੋਕ ਦਿੱਤੀ।B-1 ਕੋਚ ਦੇ ਯਾਤਰੀਆਂ ਨੇ ਰੇਲਵੇ ਦੀ ਸਫਾਈ ਵਿਵਸਥਾ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ। ਉਨ੍ਹਾਂ ਦਾ ਕਹਿਣਾ ਸੀ ਕਿ AC ਕੋਚ ’ਚ ਸਫਰ ਕਰਨ ਲਈ ਵਾਧੂ ਕਿਰਾਇਆ ਦੇਣ ਦੇ ਬਾਵਜੂਦ ਕੋਚ ਦੀ ਇਹ ਹਾਲਤ ਯਾਤਰੀਆਂ ਲਈ ਪਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਯਾਤਰੀਆਂ ਮੁਤਾਬਕ ਕੋਚ ’ਚ ਵੱਡੀ ਗਿਣਤੀ ’ਚ ਕਾਕਰੋਚ ਘੁੰਮ ਰਹੇ ਸਨ, ਜਿਸ ਕਾਰਨ ਸਫਰ ਕਰਨਾ ਮੁਸ਼ਕਲ ਹੋ ਗਿਆ ਸੀ।ਚੇਨ ਪੁਲਿੰਗ ਤੇ ਯਾਤਰੀਆਂ ਦੇ ਹੰਗਾਮੇ ਦੀ ਸੂਚਨਾ ਮਿਲਦੇ ਹੀ ਰੇਲਵੇ ਤੇ RPF ਦੇ ਕਰਮਚਾਰੀ ਮੌਕੇ ’ਤੇ ਪਹੁੰਚ ਗਏ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਡਿਊਟੀ ’ਤੇ ਮੌਜੂਦ ਸਫਾਈ ਕਰਮਚਾਰੀਆਂ ਨੂੰ B-1 ਕੋਚ ’ਚ ਭੇਜਿਆ ਗਿਆ। ਕਰਮਚਾਰੀਆਂ ਨੇ ਕੋਚ ਦੀ ਸਫਾਈ ਕੀਤੀ ਤੇ ਕਾਕਰੋਚਾਂ ਨੂੰ ਕਾਬੂ ਕਰਨ ਲਈ ਦਵਾਈ ਦਾ ਛਿੜਕਾਅ ਕੀਤਾ। ਇਸ ਦੌਰਾਨ ਟ੍ਰੇਨ ਕਰੀਬ ਅੱਧੇ ਘੰਟੇ ਤੱਕ ਪਲੇਟਫਾਰਮ ’ਤੇ ਖੜ੍ਹੀ ਰਹੀ।









