ਭੋਪਾਲ – ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਦੇ ਡਬਰਾ ‘ਚ ਸ਼ਨੀਵਾਰ ਸਵੇਰੇ ਸਕੂਲ ਜਾ ਰਹੀ ਇੱਕ ਬੱਸ ਦੇ ਡਰਾਈਵਰ ’ਤੇ ਅਣਪਛਾਤੇ ਬਦਮਾਸ਼ਾਂ ਨੇ ਦੇਸੀ ਕੱਟੇ ਨਾਲ ਗੋਲੀ ਚਲਾ ਦਿੱਤੀ। ਘਟਨਾ ਸਮੇਂ ਬੱਸ ‘ਚ 50 ਤੋਂ ਵੱਧ ਵਿਦਿਆਰਥੀ ਸਵਾਰ ਸਨ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਹਮਲਾਵਰਾਂ ਨੇ ਬੱਸ ਨੂੰ ਨਿਸ਼ਾਨਾ ਨਹੀਂ ਬਣਾਇਆ ਸੀ, ਸਗੋਂ ਡਰਾਈਵਰ ਦੇ ਬੱਸ ਤੋਂ ਹੇਠਾਂ ਉਤਰਨ ਤੋਂ ਬਾਅਦ ਉਸ ’ਤੇ ਗੋਲੀ ਚਲਾਈ ਗਈ।
ਐਸਡੀਓਪੀ ਸੌਰਭ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਪਿਛੋਰ ਥਾਣਾ ਖੇਤਰ ਦੇ ਸਮੁਦਨ ਪਿੰਡ ਨੇੜੇ ਵਾਪਰੀ। ਸਕੂਲ ਬੱਸ ਡਰਾਈਵਰ ਖੇਮ ਸਿੰਘ ਬੱਚਿਆਂ ਨੂੰ ਲੈ ਕੇ ਡਬਰਾ ਵੱਲ ਜਾ ਰਿਹਾ ਸੀ। ਰਸਤੇ ‘ਚ ਸੜਕ ਦੇ ਵਿਚਕਾਰ ਇੱਕ ਕਾਰ ਖੜ੍ਹੀ ਦੇਖ ਕੇ ਖੇਮ ਸਿੰਘ ਨੇ ਬੱਸ ਰੋਕੀ ਅਤੇ ਆਪਣੇ ਹੈਲਪਰ ਨੂੰ ਕਾਰ ਸਵਾਰਾਂ ਨੂੰ ਗੱਡੀ ਹਟਾਉਣ ਲਈ ਕਿਹਾ।
ਕਾਰ ‘ਚ ਮੌਜੂਦ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਦੀ CNG ਖਤਮ ਹੋ ਗਈ ਹੈ। ਇਸ ਤੋਂ ਬਾਅਦ ਖੇਮ ਸਿੰਘ ਖੁਦ ਬੱਸ ਤੋਂ ਹੇਠਾਂ ਉਤਰਿਆ ਅਤੇ ਬੱਚਿਆਂ ਨੂੰ ਸਮੇਂ ਸਿਰ ਸਕੂਲ ਪਹੁੰਚਾਉਣ ਲਈ ਕਾਰ ਨੂੰ ਥੋੜ੍ਹਾ ਕਿਨਾਰੇ ਕਰਨ ਦਾ ਸੁਝਾਅ ਦਿੱਤਾ। ਇਸੇ ਗੱਲ ਨੂੰ ਲੈ ਕੇ ਵਿਵਾਦ ਵਧ ਗਿਆ ਅਤੇ ਕਾਰ ‘ਚ ਸਵਾਰ ਨੌਜਵਾਨਾਂ ਨੇ ਦੇਸੀ ਕੱਟੇ ਨਾਲ ਉਸ ’ਤੇ ਗੋਲੀ ਚਲਾ ਦਿੱਤੀ। ਇਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।ਗੋਲੀ ਚੱਲਣ ਕਾਰਨ ਡਰਾਈਵਰ ਖੇਮ ਸਿੰਘ ਦੇ ਚਿਹਰੇ ’ਤੇ ਛਰਰੇ ਲੱਗੇ ਹਨ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜ਼ਖਮੀ ਡਰਾਈਵਰ ਨੂੰ ਤੁਰੰਤ ਹਸਪਤਾਲ ਪਹੁੰਚਾਇਆ।
ਖੇਮ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਕਾਰ ‘ਚ ਦੋ ਲੋਕ ਸਵਾਰ ਸਨ ਅਤੇ ਉਹ ਹਮਲਾਵਰਾਂ ਨੂੰ ਨਹੀਂ ਪਛਾਣਦਾ।
ਐਸਡੀਓਪੀ ਸੌਰਭ ਕੁਮਾਰ ਨੇ ਕਿਹਾ ਕਿ ਮੁੱਢਲੀ ਜਾਂਚ ‘ਚ ਇਹ ਮਾਮਲਾ ਕਿਸੇ ਪੁਰਾਣੀ ਨਿੱਜੀ ਰੰਜਿਸ਼ ਨਾਲ ਜੁੜਿਆ ਹੋਇਆ ਲੱਗ ਰਿਹਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਫਰਾਰ ਮੁਲਜ਼ਮਾਂ ਦੀ ਭਾਲ ਲਈ ਇੱਕ ਟੀਮ ਦਾ ਗਠਨ ਕੀਤਾ ਗਿਆ ਹੈ।









