ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਵਿਰੋਧੀ ਧਿਰ ਦੇ ਦੋ ਨੇਤਾਵਾਂ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਲੀਗਲ ਨੋਟਿਸ ਭੇਜ ਦਿੱਤਾ ਹੈ। ਨੋਟਿਸ ‘ਚ ਦੋਵਾਂ ਨੇਤਾਵਾਂ ਨੂੰ 24 ਘੰਟੇ ਦਾ ਸਮਾਂ ਦਿੰਦਿਆਂ ਸਪੱਸ਼ਟ ਕਿਹਾ ਗਿਆ ਹੈ ਕਿ ਉਹ ਆਪਣੇ ਝੂਠੇ ਅਤੇ ਮਨਘੜਤ ਬਿਆਨਾਂ ਲਈ ਜਨਤਕ ਤੌਰ ‘ਤੇ ਮਾਫ਼ੀ ਮੰਗਣ, ਨਹੀਂ ਤਾਂ ਉਨ੍ਹਾਂ ਵਿਰੁੱਧ ਅਦਾਲਤ ‘ਚ ਕ੍ਰਿਮੀਨਲ ਮਾਨਹਾਨੀ (ਅਪਰਾਧਿਕ ਮਾਣਹਾਨੀ) ਦਾ ਕੇਸ ਦਰਜ ਕਰਵਾਇਆ ਜਾਵੇਗਾ।ਮਾਮਲਾ ਉਸ ਵੇਲੇ ਹੋਰ ਗਰਮਾ ਗਿਆ ਜਦੋਂ 2 ਸਤੰਬਰ ਨੂੰ ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ‘ਤੇ ਇੱਕ ਕਥਿਤ ਆਡੀਓ-ਵੀਡੀਓ ਰਿਕਾਰਡਿੰਗ ਜਾਰੀ ਕੀਤੀ। ਮਜੀਠੀਆ ਦਾ ਦਾਅਵਾ ਸੀ ਕਿ ਇਸ ਟੇਪ ‘ਚ ਵਿਚੋਲਿਆਂ ਅਤੇ ਡਾ. ਗੁਰਪ੍ਰੀਤ ਕੌਰ ਦੇ ਰਿਸ਼ਤੇਦਾਰ ਵਿਚਕਾਰ ਪੈਸਿਆਂ ਦੇ ਲੈਣ-ਦੇਣ, ਪਟਿਆਲਾ ਜੇਲ੍ਹ ‘ਚ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਸੀ.ਐਮ. ਹਾਊਸ ‘ਚ ਮੁਲਾਕਾਤਾਂ ਨਾਲ ਜੁੜੀਆਂ ਗੱਲਾਂ ਦਰਜ ਹਨ। ਇਸੇ ਵੀਡੀਓ ਨੂੰ ਸ਼ੇਅਰ ਕਰਦਿਆਂ ਕਾਂਗਰਸੀ ਨੇਤਾ ਸੁਖਪਾਲ ਖਹਿਰਾ ਨੇ ਪੰਜਾਬ ਪੁਲਿਸ ਦੇ ਡੀ.ਜੀ.ਪੀ. ਤੋਂ ਕਾਰਵਾਈ ਦੀ ਮੰਗ ਕੀਤੀ ਸੀ।
ਲੀਗਲ ਨੋਟਿਸ ਮਿਲਣ ਤੋਂ ਤੁਰੰਤ ਬਾਅਦ ਸੁਖਪਾਲ ਸਿੰਘ ਖਹਿਰਾ ਦੇ ਤੇਵਰ ਹੋਰ ਤਿੱਖੇ ਹੋ ਗਏ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਆਪਣਾ ਰੁੱਖ ਸਾਫ਼ ਕਰਦਿਆਂ ਕਿਹਾ, “ਮੈਨੂੰ ਸੀ.ਐਮ. ਦੀ ਪਤਨੀ ਦਾ ਨੋਟਿਸ ਮਿਲ ਚੁੱਕਾ ਹੈ ਪਰ ਮੈਂ ਇਸ ਦਾ ਕੋਈ ਜਵਾਬ ਨਹੀਂ ਦੇਵਾਂਗਾ। ਮੈਂ ਉਨ੍ਹਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਮੇਰੇ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਉਣ ਜਾਂ ਆਪਣੀ ‘ਪੁਲਿਸ ਸਟੇਟ’ ਦਾ ਇਸਤੇਮਾਲ ਕਰਕੇ ਜੋ ਕਾਰਵਾਈ ਕਰ ਸਕਦੇ ਹਨ, ਕਰ ਲੈਣ।”









