ਲੁਧਿਆਣਾ – ਭਾਜਪਾ ਦੇ ਸੀਨੀਅਰ ਆਗੂ ਅਤੇ ਮੀਡੀਆ ਪੈਨਲਿਸਟ ਗੁਰਦੀਪ ਸਿੰਘ ਗੋਸ਼ਾ ਨੇ ਭਾਜਪਾ ਦਫ਼ਤਰ ਦਾ ਘਿਰਾਓ ਕਰਨ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂਆਂ ’ਤੇ ਤਿੱਖਾ ਪਲਟਵਾਰ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਹੋਣ ਦੇ ਬਾਵਜੂਦ ‘ਆਪ’ ਆਗੂ ਆਪਣੇ ਪ੍ਰਦਰਸ਼ਨ ਵਿੱਚ 50 ਲੋਕਾਂ ਦੀ ਭੀੜ ਵੀ ਇਕੱਠੀ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਅਜਿਹੀ ਸਿਆਸੀ ਡਰਾਮੇਬਾਜ਼ੀ ਨੂੰ ਚੰਗੀ ਤਰ੍ਹਾਂ ਸਮਝ ਚੁੱਕੀ ਹੈ। ਗੋਸ਼ਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੂੰ “ਪੰਥ-ਦ੍ਰੋਹੀ” ਦਾ ਕਾਲਾ ਖਿਤਾਬ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਿਉਂ ਦਿੱਤਾ ਗਿਆ, ਇਸ ਬਾਰੇ ਪੰਜਾਬ ਅਤੇ ਸਿੱਖ ਸਮਾਜ ਨੂੰ ਸਪੱਸ਼ਟ ਜਵਾਬ ਦੇਣ। ਉਨ੍ਹਾਂ ਕਿਹਾ ਕਿ ਜੇਕਰ ‘ਆਪ’ ਆਗੂਆਂ ਨੂੰ ਪਤਾ ਸੀ ਕਿ ਕਾਂਗਰਸ ਦੇ ਰਾਜ ਦੌਰਾਨ ਸਿੱਖਾਂ ਨਾਲ ਜ਼ੁਲਮ ਅਤੇ ਕਤਲੇਆਮ ਹੋਏ ਸਨ, ਤਾਂ ਫਿਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸਿਆਸੀ ਸੱਤਾ ਅਤੇ ਗੱਠਜੋੜ ਲਈ ਕਾਂਗਰਸ ਨਾਲ ਹੱਥ ਕਿਉਂ ਮਿਲਾਇਆ?
ਉਨ੍ਹਾਂ ਕਿਹਾ ਕਿ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਮਾਮਲਿਆਂ ਵਿੱਚ ਕਾਰਵਾਈ ਨੂੰ ਅੱਗੇ ਵਧਾਇਆ ਅਤੇ ਸੱਜਣ ਕੁਮਾਰ ਵਰਗੇ ਦੋਸ਼ੀ ਨੂੰ ਜੇਲ੍ਹ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਗੋਸ਼ਾ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਨ ਦੀ ਵਿਰਾਸਤ ਨੂੰ ਰਾਸ਼ਟਰੀ ਪੱਧਰ ’ਤੇ ਸਨਮਾਨ ਮਿਲਿਆ ਹੈ। ਸ੍ਰੀ ਕਰਤਾਰਪੁਰ ਸਾਹਿਬ ਕੌਰੀਡੋਰ ਖੋਲ੍ਹਿਆ ਗਿਆ, ਸਿੱਖਾਂ ਨਾਲ ਸਬੰਧਤ ਕਾਲੀ ਸੂਚੀ ਨੂੰ ਖਤਮ ਕਰਨ ਲਈ ਕਦਮ ਚੁੱਕੇ ਗਏ, ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵੀਰ ਬਾਲ ਦਿਵਸ ਸਰਕਾਰੀ ਪੱਧਰ ’ਤੇ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਬੰਧਤ ਅਧਿਐਨ ਅਤੇ ਖੋਜ ਲਈ ਸੰਸਥਾਗਤ ਉਪਰਾਲੇ ਕੀਤੇ ਗਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੱਖ-ਵੱਖ ਗੁਰਪੁਰਬਾਂ ਅਤੇ ਸਿੱਖ ਧਾਰਮਿਕ ਮੌਕਿਆਂ ’ਤੇ ਸ਼ਰਧਾ ਅਤੇ ਸਤਿਕਾਰ ਪ੍ਰਗਟ ਕੀਤਾ ਜਾਂਦਾ ਹੈ, ਜੋ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਪ੍ਰਤੀ ਸਨਮਾਨ ਦਾ ਪ੍ਰਤੀਕ ਹੈ।
ਗੋਸ਼ਾ ਨੇ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੁਰਸੀ ਅਤੇ ਸੱਤਾ ਦੀ ਖਾਤਰ ਕਾਂਗਰਸ ਨਾਲ ਗੱਠਜੋੜ ਕਰਨ ਵਾਲੇ ‘ਆਪ’ ਆਗੂ ਅੱਜ ਭਾਜਪਾ ਤੋਂ ਸਵਾਲ ਕਿਸ ਆਧਾਰ ’ਤੇ ਕਰ ਰਹੇ ਹਨ? ਉਨ੍ਹਾਂ ਕਿਹਾ ਕਿ ਪਹਿਲਾਂ ਉਹ ਆਪਣੇ ਸਿਆਸੀ ਫ਼ੈਸਲਿਆਂ ਦਾ ਜਵਾਬ ਪੰਜਾਬ ਅਤੇ ਸਿੱਖ ਸਮਾਜ ਦੇ ਸਾਹਮਣੇ ਦੇਣ ਅਤੇ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਅਤੇ ‘ਆਪ’ ਲੀਡਰਸ਼ਿਪ ਪੰਜਾਬ ਦੇ ਲੋਕਾਂ ਤੋਂ ਕਾਂਗਰਸ ਨਾਲ ਗੱਠਜੋੜ ਕਰਨ ਲਈ ਮੁਆਫ਼ੀ ਮੰਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਸਿਰਫ਼ ਭਾਵਨਾਤਮਕ ਨਾਅਰਿਆਂ ਨਾਲ ਨਹੀਂ, ਸਗੋਂ ਕੰਮ, ਨੀਤੀ ਅਤੇ ਸਿਆਸੀ ਕਿਰਦਾਰ ਦੇ ਆਧਾਰ ’ਤੇ ਆਗੂਆਂ ਦਾ ਮੁਲਾਂਕਣ ਕਰੇਗੀ। ਉਨ੍ਹਾਂ ‘ਆਪ’ ਆਗੂਆਂ ਨੂੰ ਸਲਾਹ ਦਿੱਤੀ ਕਿ ਭਾਜਪਾ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਨ ਦੀ ਬਜਾਏ ਪੰਜਾਬ ਦੀ ਕਾਨੂੰਨ-ਵਿਵਸਥਾ, ਨਸ਼ਾ, ਬੇਰੁਜ਼ਗਾਰੀ ਅਤੇ ਸੂਬੇ ’ਤੇ ਵੱਧ ਰਹੇ ਕਰਜ਼ੇ ਵਰਗੇ ਅਸਲ ਮੁੱਦਿਆਂ ’ਤੇ ਪੰਜਾਬ ਦੀ ਜਨਤਾ ਨੂੰ ਜਵਾਬ ਦੇਣ।









