ਮੁੰਬਈ: ਨਾਗਪੁਰ ’ਚ ਤਿਉਹਾਰਾਂ ਦੌਰਾਨ ਜਲਸਾ ਕੱਢਣ ਤੇ ਜਨਤਕ ਸਮਾਗਮ ਕਰਵਾਉਣ ਨੂੰ ਲੈ ਕੇ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਇੱਥੇ ਜਲੂਸ ਦੌਰਾਨ DJ-ਸਾਊਂਡ ਸਿਸਟਮ, ਮੌਡੀਫਾਈਡ ਹਾਈ-ਪਾਵਰ ਸਾਊਂਡ ਸੈੱਟਅੱਪ ਤੇ ਤੇਜ਼ ਰੋਸ਼ਨੀ ਵਾਲੀਆਂ ਬੀਮ ਸਮੇਤ ਲੇਜ਼ਰ ਲਾਈਟਾਂ ਦੀ ਵਰਤੋਂ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ।ਨਾਗਪੁਰ ਪੁਲਿਸ ਕਮਿਸ਼ਨਰ ਵਿਸ਼ਵਾਸ ਨਾਂਗਰੇ ਪਾਟਿਲ ਨੇ ਦੱਸਿਆ ਕਿ ਇਹ ਹੁਕਮ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS), 2023 ਦੀ ਧਾਰਾ 163 ਦੇ ਤਹਿਤ ਜਾਰੀ ਕੀਤੇ ਗਏ ਹਨ। DJ ਅਤੇ ਹੋਰ ਮੌਡੀਫਾਈਡ ਹਾਈ-ਪਾਵਰ ਸਾਊਂਡ ਸਿਸਟਮਾਂ ‘ਤੇ ਪਾਬੰਦੀ 3 ਸਤੰਬਰ ਤੋਂ 1 ਨਵੰਬਰ, 2026 ਤਕ ਲਾਗੂ ਰਹੇਗੀ, ਜਦੋਂਕਿ ਬੀਮ ਅਤੇ ਲੇਜ਼ਰ ਲਾਈਟਾਂ ‘ਤੇ ਰੋਕ 3 ਸਤੰਬਰ ਤੋਂ 8 ਸਤੰਬਰ, 2026 ਤਕ ਪ੍ਰਭਾਵੀ ਰਹੇਗੀ। ਪੁਲਿਸ ਨੇ ਚਿਤਾਵਨੀ ਦਿੱਤੀ ਹੈ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਪੁਲਿਸ ਦੇ ਹੁਕਮਾਂ ਮੁਤਾਬਕ, ਜਲਸੇ ਦੌਰਾਨ DJ ਸਿਸਟਮ, ਸਾਊਂਡ ਸਿਸਟਮ, ਟੌਪ-ਮਿਡ-ਬਾਸ ਮਲਟੀ-ਸਪੀਕਰ ਸੈੱਟਅੱਪ, ਪਲਾਜ਼ਮਾ ਸਾਊਂਡ ਸਿਸਟਮ ਤੇ ਹੋਰ ਤੇਜ਼ ਆਵਾਜ਼ ਵਾਲੇ ਐਂਪਲੀਫਾਈਡ ਸਾਊਂਡ ਉਪਕਰਣਾਂ ਵਾਲੇ ਮੌਡੀਫਾਈਡ ਵਾਹਨਾਂ ਦੀ ਇਜਾਜ਼ਤ ਨਹੀਂ ਹੋਵੇਗੀ। ‘ਸ਼ੋਰ ਪ੍ਰਦੂਸ਼ਣ ਨਿਯਮ, 2000’ ਦੇ ਤਹਿਤ ਤੈਅ ਸ਼ੋਰ ਦੀ ਹੱਦ ਦੇ ਅੰਦਰ ਚੱਲਣ ਵਾਲੇ ਸਾਊਂਡ ਸਿਸਟਮਾਂ ‘ਤੇ ਇਹ ਪਾਬੰਦੀ ਲਾਗੂ ਨਹੀਂ ਹੋਵੇਗੀ।









