ਚੰਡੀਗੜ੍ਹ : ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਗਤੀਵਿਧੀਆਂ ਅਤੇ ਉਪਲਬਧੀਆਂ ਹੁਣ ਸੋਸ਼ਲ ਮੀਡੀਆ ਰਾਹੀਂ ਵੀ ਲੋਕਾਂ ਤੱਕ ਪਹੁੰਚਣਗੀਆਂ। ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਘੱਟੋ-ਘੱਟ ਇੱਕ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਅਧਿਕਾਰਤ ਅਤੇ ਸਰਗਰਮ ਖਾਤਾ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਸਕੂਲਾਂ ਨੂੰ ‘ਐਕਸ’ (ਪਹਿਲਾਂ ਟਵਿੱਟਰ), ਫੇਸਬੁੱਕ ਜਾਂ ਇੰਸਟਾਗ੍ਰਾਮ ਵਿੱਚੋਂ ਕਿਸੇ ਇੱਕ ਪਲੇਟਫਾਰਮ ’ਤੇ ਅਧਿਕਾਰਤ ਖਾਤਾ ਬਣਾਕੇ ਉਸ ਨੂੰ ਸਰਗਰਮ ਰੱਖਣਾ ਹੋਵੇਗਾ। ਵਿਭਾਗ ਦਾ ਉਦੇਸ਼ ਸਕੂਲਾਂ ਵਿੱਚ ਹੋਣ ਵਾਲੀਆਂ ਸਕਾਰਾਤਮਕ ਗਤੀਵਿਧੀਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਉਪਲਬਧੀਆਂ ਅਤੇ ਨਵੀਨਤਾਕਾਰੀ ਸਿੱਖਿਆ ਕਾਰਜਾਂ ਨੂੰ ਵੱਡੇ ਪੱਧਰ ’ਤੇ ਸਾਹਮਣੇ ਲਿਆਉਣਾ ਹੈ।
ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪਰਿਸ਼ਦ (ਐੱਸਸੀਈਆਰਟੀ) ਵੱਲੋਂ ਜਾਰੀ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਸਰਕਾਰੀ ਸਕੂਲਾਂ ਦੇ ਪਹਿਲਾਂ ਤੋਂ ਹੀ ਅਧਿਕਾਰਤ ਸੋਸ਼ਲ ਮੀਡੀਆ ਖਾਤੇ ਹਨ, ਉਨ੍ਹਾਂ ਨੂੰ ਨਿਰਧਾਰਤ ਵੈੱਬ ਪ੍ਰੋਫਾਰਮਾ ਰਾਹੀਂ ਇਨ੍ਹਾਂ ਖਾਤਿਆਂ ਦੀ ਜਾਣਕਾਰੀ ਉਪਲਬਧ ਕਰਵਾਉਣੀ ਹੋਵੇਗੀ। ਜਿਨ੍ਹਾਂ ਸਕੂਲਾਂ ਕੋਲ ਹਾਲੇ ਤੱਕ ਕੋਈ ਅਧਿਕਾਰਤ ਸੋਸ਼ਲ ਮੀਡੀਆ ਖਾਤਾ ਨਹੀਂ ਹੈ, ਉਨ੍ਹਾਂ ਨੂੰ ‘ਐਕਸ’, ਫੇਸਬੁੱਕ ਜਾਂ ਇੰਸਟਾਗ੍ਰਾਮ ਵਿੱਚੋਂ ਕਿਸੇ ਇੱਕ ਪਲੇਟਫਾਰਮ ’ਤੇ ਖਾਤਾ ਬਣਾਉਣਾ ਹੋਵੇਗਾ। ਖਾਤੇ ਦੀ ਜਾਣਕਾਰੀ ਐੱਮਸਟਾਰ ਪੋਰਟਲ ਰਾਹੀਂ ਦਰਜ ਕਰਨੀ ਹੋਵੇਗੀ।









