ਚੰਡੀਗੜ੍ਹ : ਨਸ਼ਾ ਤਸਕਰੀ ਅਤੇ ਜਬਰਨ ਵਸੂਲੀ ਨਾਲ ਜੁੜੇ ਮਾਮਲਿਆਂ ’ਚ ਲੋੜੀਂਦੇ ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਦੇ ਅਚਾਨਕ ਸਰੰਡਰ ਨੇ ਪੁਲਿਸ ਮਹਿਕਮੇ ’ਚ ਪੁਰਾਣੇ ਸਵਾਲ ਮੁੜ ਖੜ੍ਹੇ ਕਰ ਦਿੱਤੇ ਹਨ। ਸਾਲ 2023 ਤੋਂ ਫ਼ਰਾਰ ਚੱਲ ਰਹੇ ਰਾਜਜੀਤ ਨੇ ਪਟਿਆਲਾ ਪੁਲਿਸ ਸਾਹਮਣੇ ਆਤਮਸਮਰਪਣ ਕੀਤਾ ਹੈ। ਸਾਬਕਾ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਧਿਕਾਰੀ ਨਿਰੰਜਨ ਸਿੰਘ ਨੇ ਸਵਾਲ ਉਠਾਇਆ ਹੈ ਕਿ ਜੇਕਰ ਰਾਜਜੀਤ ਪੰਜਾਬ ’ਚ ਹੀ ਮੌਜੂਦ ਸੀ ਤਾਂ ਇੰਨੇ ਲੰਬੇ ਸਮੇਂ ਤੱਕ ਉਸ ਦੀ ਗ੍ਰਿਫ਼ਤਾਰੀ ਕਿਉਂ ਨਹੀਂ ਹੋਈ। ਉਨ੍ਹਾਂ ਪੁੱਛਿਆ ਕਿ ਉਸਨੂੰ ਕਿਸ ਨੇ ਪਨਾਹ ਦਿੱਤੀ ਅਤੇ ਕੌਣ ਉਸ ਦੀ ਮਦਦ ਕਰ ਰਿਹਾ ਸੀ?
ਨਿਰੰਜਨ ਸਿੰਘ ਨੇ ਰਾਜਜੀਤ ਦੇ ਸਰੰਡਰ ਨੂੰ ਲੈ ਕੇ ਕਿਹਾ ਕਿ ਇਸ ਦੀਆਂ ਪਰਿਸਥਿਤੀਆਂ ਅਤੇ ਸਮੇਂ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਰਾਜਜੀਤ ਨੂੰ ਬਚਾਉਣ ’ਚ ਪ੍ਰਭਾਵਸ਼ਾਲੀ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਹੋ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਲੋਕਾਂ ਦੇ ਨਾਂ ਸਾਹਮਣੇ ਆਉਣੇ ਚਾਹੀਦੇ ਹਨ, ਜਿਨ੍ਹਾਂ ਨੇ ਕਥਿਤ ਤੌਰ ’ਤੇ ਰਾਜਜੀਤ ਨੂੰ ਗ੍ਰਿਫ਼ਤਾਰੀ ਤੋਂ ਬਚਣ ’ਚ ਮਦਦ ਕੀਤੀ।









