ਲੁਧਿਆਣਾ ਵਿੱਚ ਪਾਕਿਸਤਾਨੀ ਖੁਫੀਆ ਏਜੰਸੀਆਂ ਨਾਲ ਜੁੜੇ ਇੱਕ ਸ਼ੱਕੀ ਮਾਮਲੇ ਨੇ ਪੁਲਿਸ ਨੂੰ ਚੌਕਸ ਕਰ ਦਿੱਤਾ ਹੈ। ਥਾਣਾ ਸਰਾਭਾ ਨਗਰ ਪੁਲਿਸ ਨੇ ਪਾਕਿਸਤਾਨੀ ਖੁਫੀਆ ਏਜੰਸੀਆਂ ਨਾਲ ਸੰਪਰਕ ਹੋਣ ਦੇ ਸ਼ੱਕ ਹੇਠ ਰਛਪਾਲ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਸਰਫ਼ ਕੋਟ, ਫਤਿਹਗੜ੍ਹ ਚੂੜੀਆਂ, ਜ਼ਿਲ੍ਹਾ ਗੁਰਦਾਸਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਸ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਤਫਤੀ ਅਫਸਰ ਅਰਸ਼ਦੀਪ ਸਿੰਘ ਪੁਲਿਸ ਪਾਰਟੀ ਸਮੇਤ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਮਿਲੀ ਖੁਫੀਆ ਸੂਚਨਾ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ। ਸੂਚਨਾ ਵਿੱਚ ਦੱਸਿਆ ਗਿਆ ਕਿ ਮੁਲਜ਼ਮ ਨੇ ਮੈਡੀਵੇਜ ਹਸਪਤਾਲ ਦੇ ਸਾਹਮਣੇ ਪਲਾਟ ਨੰਬਰ-1, ਨਿਊ ਸੁੰਦਰ ਨਗਰ, ਫਿਰੋਜ਼ਪੁਰ ਰੋਡ, ਲੁਧਿਆਣਾ ਵਿਖੇ ਕਿਰਾਏ ’ਤੇ ਦੁਕਾਨ ਲਈ ਹੋਈ ਸੀ। ਪੁਲਿਸ ਮੁਤਾਬਕ ਦੁਕਾਨ ਦੇ ਬਾਹਰ ਕੈਮਰੇ ਲਗਾਏ ਗਏ ਸਨ ਅਤੇ ਇਨ੍ਹਾਂ ਕੈਮਰਿਆਂ ਦੀ ਪੂਰੀ ਐਕਸੈੱਸ ਪਾਕਿਸਤਾਨੀ ਖੁਫੀਆ ਏਜੰਸੀਆਂ ਕੋਲ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਕੈਮਰਿਆਂ ਰਾਹੀਂ ਲੁਧਿਆਣਾ ਵਿੱਚ ਹੋਣ ਵਾਲੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਰਹੀ ਸੀ ਅਤੇ ਇਹ ਜਾਣਕਾਰੀ ਸਰਹੱਦ ਪਾਰ ਬੈਠੇ ਲੋਕਾਂ ਤੱਕ ਪਹੁੰਚ ਸਕਦੀ ਸੀ।ਇਸ ਤੋਂ ਇਲਾਵਾ ਪੁਲਿਸ ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਉਣ ਦਾ ਦਾਅਵਾ ਕੀਤਾ ਗਿਆ ਹੈ ਕਿ ਮੁਲਜ਼ਮ ਵੱਖ-ਵੱਖ ਫੋਨਾਂ ਤੋਂ ਧਮਕੀਆਂ ਦਿੰਦਾ ਸੀ। ਪੁਲਿਸ ਨੇ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਖਦਸ਼ਾ ਜਤਾਇਆ ਹੈ ਕਿ ਅਜਿਹੀਆਂ ਗਤੀਵਿਧੀਆਂ ਦੀ ਆੜ ਵਿੱਚ ਪਾਕਿਸਤਾਨੀ ਖੁਫੀਆ ਏਜੰਸੀਆਂ ਵੱਲੋਂ ਲੁਧਿਆਣਾ ਜ਼ਿਲ੍ਹੇ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਜਾਣਕਾਰੀ ਇਕੱਠੀ ਕੀਤੀ ਜਾ ਸਕਦੀ ਸੀ।
ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਜਾਂਚ ਦਾ ਕੇਂਦਰ ਇਹ ਪਤਾ ਲਗਾਉਣ ’ਤੇ ਹੈ ਕਿ ਕੈਮਰਿਆਂ ਦੀ ਐਕਸੈੱਸ ਕਿਨ੍ਹਾਂ ਲੋਕਾਂ ਨੂੰ ਦਿੱਤੀ ਗਈ ਸੀ, ਉਨ੍ਹਾਂ ਰਾਹੀਂ ਕਿਹੜੀ ਜਾਣਕਾਰੀ ਦੇਖੀ ਜਾ ਰਹੀ ਸੀ, ਮੁਲਜ਼ਮ ਦੇ ਕਿਨ੍ਹਾਂ ਲੋਕਾਂ ਨਾਲ ਸੰਪਰਕ ਸਨ ਅਤੇ ਧਮਕੀਆਂ ਦੇਣ ਲਈ ਵਰਤੇ ਜਾ ਰਹੇ ਫੋਨਾਂ ਦਾ ਇਸ ਪੂਰੇ ਮਾਮਲੇ ਨਾਲ ਕੀ ਸਬੰਧ ਹੈ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।









