Chandigarh : ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮਰੀਜ਼ਾਂ ਨੂੰ ਕੈਸ਼ਲੈੱਸ ਇਲਾਜ ਦੀ ਸਹੂਲਤ ਦੇਣ ਤੋਂ ਬਾਅਦ ਹੁਣ ਹਸਪਤਾਲ ਤੋਂ ਛੁੱਟੀ ਮਿਲਣ ਉਪਰੰਤ ਵੀ ਉਨ੍ਹਾਂ ਦੀ ਸਿਹਤ ਸਬੰਧੀ ਜਾਣਕਾਰੀ ਲਈ ਜਾ ਰਹੀ ਹੈ। ਪੰਜਾਬ ਦੀ 104 ਹੈਲਥ ਹੈਲਪਲਾਈਨ ਰਾਹੀਂ ਯੋਜਨਾ ਦੇ ਲਾਭਪਾਤਰੀਆਂ ਨੂੰ ਫੋਨ ਕਰਕੇ ਇਲਾਜ, ਦਵਾਈਆਂ, ਸਿਹਤ ਦੀ ਸਥਿਤੀ ਅਤੇ ਹਸਪਤਾਲ ਵਿੱਚ ਮਿਲੀਆਂ ਸਹੂਲਤਾਂ ਬਾਰੇ ਫੀਡਬੈਕ ਲਿਆ ਜਾ ਰਿਹਾ ਹੈ। ਇਸ ਦਾ ਮਕਸਦ ਮਰੀਜ਼ਾਂ ਨੂੰ ਹਸਪਤਾਲ ਤੋਂ ਘਰ ਪਰਤਣ ਮਗਰੋਂ ਵੀ ਸਿਹਤ ਪ੍ਰਬੰਧ ਨਾਲ ਜੋੜੀ ਰੱਖਣਾ ਅਤੇ ਉਨ੍ਹਾਂ ਦੇ ਸੁਝਾਵਾਂ ਦੇ ਆਧਾਰ ’ਤੇ ਸੇਵਾਵਾਂ ਵਿੱਚ ਸੁਧਾਰ ਕਰਨਾ ਹੈ।ਮਾਨਸਾ ਦੇ ਹਰਦੇਵ ਸਿੰਘ ਨੇ ਡੀਐੱਚ ਬਠਿੰਡਾ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੱਡੀਆਂ ਨਾਲ ਸਬੰਧਤ ਇਲਾਜ ਕਰਵਾਇਆ। ਘਰ ਪਰਤਣ ਮਗਰੋਂ 104 ਹੈਲਪਲਾਈਨ ਤੋਂ ਉਨ੍ਹਾਂ ਨੂੰ ਫੋਨ ਆਇਆ ਅਤੇ ਇਲਾਜ ਤੇ ਸਿਹਤ ਸਬੰਧੀ ਜਾਣਕਾਰੀ ਲਈ ਗਈ। ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਬਲਦੇਵ ਸਿੰਘ ਨੇ ਐੱਸਡੀਐੱਚ ਦਸੂਹਾ ਵਿੱਚ ਇਲਾਜ ਕਰਵਾਇਆ। ਉਨ੍ਹਾਂ ਦੱਸਿਆ ਕਿ ਇਲਾਜ ਲਈ ਕੋਈ ਭੁਗਤਾਨ ਨਹੀਂ ਕਰਨਾ ਪਿਆ ਅਤੇ ਛੁੱਟੀ ਸਮੇਂ ਲੋੜੀਂਦੀਆਂ ਦਵਾਈਆਂ ਵੀ ਦਿੱਤੀਆਂ ਗਈਆਂ। 104 ਦੀ ਟੀਮ ਨੇ ਫੋਨ ਕਰਕੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਣਿਆ।









