ਲੁਧਿਆਣਾ : ਜਲਵਾਯੂ ਪਰਿਵਰਤਨ ਕਾਰਨ ਘੱਟ ਸਮੇਂ ਵਿਚ ਹੋਣ ਵਾਲੀ ਭਾਰੀ ਬਾਰਿਸ਼ ਦਾ ਖ਼ਤਰਾ ਹੁਣ ਸਿਰਫ਼ ਹਿਮਾਲਿਆਈ ਅਤੇ ਪਹਾੜੀ ਇਲਾਕਿਆਂ ਤੱਕ ਸੀਮਤ ਨਹੀਂ ਰਿਹਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਜਲਵਾਯੂ ਪਰਿਵਰਤਨ ਤੇ ਖੇਤੀ ਮੌਸਮ ਵਿਗਿਆਨ ਵਿਭਾਗ ਵੱਲੋਂ ਕੀਤੇ ਗਏ ਇਕ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਪੰਜਾਬ ਸਮੇਤ ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਖੇਤਰਾਂ ਵਿਚ ਵੀ ਕਲਾਊਡਬਰਸਟ ਵਰਗੀ ਭਿਆਨਕ ਬਾਰਿਸ਼ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।
ਪ੍ਰੋਫੈਸਰ ਡਾ. ਕੇ. ਕੇ. ਗਿੱਲ ਅਤੇ ਸੀਨੀਅਰ ਰਿਸਰਚ ਫੈਲੋ ਅਭਿਸ਼ੇਕ ਧੀਰ ਦੇ ਅਧਿਐਨ ਅਨੁਸਾਰ ਵਧਦੀ ਨਮੀ, ਵਾਯੂਮੰਡਲੀ ਅਸਥਿਰਤਾ, ਤੇਜ਼ ਸ਼ਹਿਰੀਕਰਨ ਅਤੇ ਜ਼ਮੀਨ ਦੀ ਸਤਹ ਤੇ ਵਰਤੋਂ ਵਿਚ ਆ ਰਹੀਆਂ ਤਬਦੀਲੀਆਂ ਪੰਜਾਬ, ਹਰਿਆਣਾ ਅਤੇ ਦਿੱਲੀ ਵਰਗੇ ਮੈਦਾਨੀ ਖੇਤਰਾਂ ਨੂੰ ਅਚਾਨਕ ਭਾਰੀ ਬਾਰਿਸ਼ ਅਤੇ ਹੜ੍ਹਾਂ ਲਈ ਵਧੇਰੇ ਸੰਵੇਦਨਸ਼ੀਲ ਬਣਾ ਰਹੀਆਂ ਹਨ।
ਮੌਸਮ ਵਿਭਾਗ ਅਨੁਸਾਰ ਕਰੀਬ 20 ਤੋਂ 30 ਵਰਗ ਕਿਲੋਮੀਟਰ ਦੇ ਛੋਟੇ ਖੇਤਰ ਵਿਚ ਇਕ ਘੰਟੇ ਦੌਰਾਨ 100 ਮਿਲੀਮੀਟਰ ਤੋਂ ਵੱਧ ਬਾਰਿਸ਼ ਨੂੰ ਕਲਾਊਡਬਰਸਟ ਕਿਹਾ ਜਾਂਦਾ ਹੈ। ਮਿੰਨੀ ਕਲਾਊਡਬਰਸਟ ਦੀ ਤੀਬਰਤਾ ਘੱਟ ਹੋਣ ਦੇ ਬਾਵਜੂਦ ਇਹ ਮਿੱਟੀ ਅਤੇ ਜਲ ਨਿਕਾਸੀ ਪ੍ਰਣਾਲੀ ਦੀ ਸਮਰੱਥਾ ਤੋਂ ਵੱਧ ਪਾਣੀ ਪਹੁੰਚਾ ਕੇ ਹੜ੍ਹ ਅਤੇ ਜਲਭਰਾਅ ਪੈਦਾ ਕਰ ਸਕਦੇ ਹਨ।
ਅਧਿਐਨ ਵਿਚ 2001 ਤੋਂ 2025 ਤੱਕ ਉੱਤਰ-ਪੱਛਮੀ ਹਿਮਾਲਿਆ ਖੇਤਰ ਵਿਚ ਦਰਜ 32 ਵੱਡੀਆਂ ਕਲਾਊਡਬਰਸਟ ਘਟਨਾਵਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਇਨ੍ਹਾਂ ਵਿਚ ਸਭ ਤੋਂ ਵੱਧ 18 ਘਟਨਾਵਾਂ ਜੁਲਾਈ ਵਿਚ ਦਰਜ ਹੋਈਆਂ। ਪੰਜਾਬ ਵਿਚ ਵੀ 12 ਅਗਸਤ 2011 ਨੂੰ ਲੁਧਿਆਣਾ ਖੇਤਰ ਵਿਚ ਇਕ ਦਿਨ ਦੌਰਾਨ ਕਰੀਬ 400 ਮਿਲੀਮੀਟਰ ਬਾਰਿਸ਼ ਦਰਜ ਹੋਣ ਦਾ ਜ਼ਿਕਰ ਕੀਤਾ ਗਿਆ ਹੈ।
ਡਾ. ਗਿੱਲ ਨੇ ਕਿਹਾ ਕਿ ਡੌਪਲਰ ਮੌਸਮ ਰਡਾਰ, ਉਪਗ੍ਰਹਿ, ਆਟੋਮੈਟਿਕ ਮੌਸਮ ਕੇਂਦਰਾਂ ਅਤੇ ਨਾਊਕਾਸਟਿੰਗ ਪ੍ਰਣਾਲੀ ਰਾਹੀਂ ਅਜਿਹੀਆਂ ਘਟਨਾਵਾਂ ਦੀ ਨਿਗਰਾਨੀ ਅਤੇ ਸਮੇਂ ਸਿਰ ਚਿਤਾਵਨੀ ਪ੍ਰਬੰਧ ਮਜ਼ਬੂਤ ਕਰਨਾ ਜ਼ਰੂਰੀ ਹੈ। ਨਦੀਆਂ, ਨਾਲਿਆਂ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਬੇਲਗਾਮ ਉਸਾਰੀ ਨੂੰ ਸੀਮਤ ਕਰਨ ਦੇ ਨਾਲ ਰਿਹਾਇਸ਼ੀ ਅਤੇ ਖੇਤੀ ਖੇਤਰਾਂ ਵਿਚ ਪ੍ਰਭਾਵਸ਼ਾਲੀ ਜਲ ਨਿਕਾਸੀ ਪ੍ਰਣਾਲੀ ਵਿਕਸਤ ਕਰਨਾ ਵੀ ਸਮੇਂ ਦੀ ਵੱਡੀ ਲੋੜ ਹੈ।









