ਵਿਦੇਸ਼ ਭੇਜਣ ਦੇ ਸਬਜਬਾਗ ਦਿਖਾਕੇ ਭੋਲੇ ਭਾਲੇ ਨੌਜਵਾਨਾ ਨੂੰ ਧੋਖਾ ਧੜੀ ਦਾ ਸ਼ਿਕਾਰ ਬਣਾਉਣ ਵਾਲੇ ਟਰੈਵਲ ਏਜੰਟਾਂ ਦੇ ਖਿਲਾਫ ਲੁਧਿਆਣਾ ਪੁਲਿਸ ਸਖਤੀ ਵਰਤ ਰਹੀ ਹੈ। ਇਸੇ ਤਰ੍ਹਾਂ ਦਾ ਇੱਕ ਮਾਮਲਾ ਲੁਧਿਆਣਾ ਦੇ ਰਾਹੋਂ ਰੋਡ ਤੇ ਸਾਹਮਣੇ ਆਇਆ ਜਿੱਥੇ ਟਰੈਵਲ ਏਜੰਟ ਵੱਲੋਂ ਨੌਜਵਾਨ ਨੂੰ ਨਿਊਜ਼ੀਲੈਂਡ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ ਲੱਖਾਂ ਰੁਪਏ ਹਾਸਿਲ ਕਰ ਲਏ। ਇਸ ਮਾਮਲੇ ਵਿੱਚ ਥਾਣਾ ਦਰੇਸੀ ਦੀ ਪੁਲਿਸ ਨੇ ਗੁਰਪ੍ਰੀਤ ਸਿੰਘ ਵਾਸੀ ਬਾਜੜਾ ਕਲੋਨੀ, ਰਾਹੋਂ ਰੋਡ ਬਸਤੀ ਜੋਧੇਵਾਲ ਦੀ ਸ਼ਿਕਾਇਤ ਤੇ ਟਰੈਵਲ ਏਜੰਟ ਦੇ ਖ਼ਿਲਾਫ਼ ਧੋਖਾਧੜੀ ਅਤੇ ਇਮੀਗ੍ਰੇਸ਼ਨ ਨਾਲ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਗੁਰਪ੍ਰੀਤ ਸਿੰਘ ਨੇ ਦੱਸਿਆ ਮੁਲਜ਼ਮ ਨੇ ਉਸ ਦੇ ਛੋਟੇ ਭਰਾ ਪਰਵਿੰਦਰ ਸਿੰਘ ਨੂੰ ਨਿਊਜ਼ੀਲੈਂਡ ਭੇਜਣ ਦਾ ਝਾਂਸਾ ਦੇ ਕੇ 12 ਲੱਖ ਰੁਪਏ ਹਾਸਲ ਕੀਤੇ। ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਰਕਮ ਲੈਣ ਤੋਂ ਬਾਅਦ ਵੀ ਪਰਵਿੰਦਰ ਸਿੰਘ ਨੂੰ ਵਿਦੇਸ਼ ਨਹੀਂ ਭੇਜਿਆ ਗਿਆ। ਕਈ ਮਹੀਨਿਆਂ ਤੱਕ ਉਹ ਲਾਰੇ ਲਗਾਉਂਦਾ ਰਿਹਾ ਪਰ ਆਖਿਰ ਵਿੱਚ ਉਸਨੇ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ। ਨਾ ਤਾਂ ਉਸਨੇ ਵਿਦੇਸ਼ ਭੇਜਿਆ ਅਤੇ ਨਾ ਹੀ ਰਕਮ ਵਾਪਸ ਮੋੜੀ ਗਈ।ਮਾਮਲੇ ਦੀ ਪੜਤਾਲ ਤੋਂ ਬਾਅਦ ਥਾਣਾ ਦਰੇਸੀ ਦੀ ਪੁਲਿਸ ਨੇ ਨਿਊ ਸ਼ਿਵਪੁਰੀ ਦੇ ਵਾਸੀ ਪਾਰਸ ਕੁਮਾਰ ਦੇ ਖ਼ਿਲਾਫ਼ ਧਾਰਾ 318(4) ਬੀਐਨਐਸ, ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ (ਰੈਗੂਲੇਟਿੰਗ) ਐਕਟ ਅਤੇ ਇਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਵੱਲੋਂ ਹੁਣ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਕਿਸ ਤਰੀਕੇ ਨਾਲ ਰਕਮ ਲਈ ਅਤੇ ਇਸ ਮਾਮਲੇ ਵਿੱਚ ਹੋਰ ਕੋਈ ਵਿਅਕਤੀ ਸ਼ਾਮਲ ਹੈ ਜਾਂ ਨਹੀਂ।









