Ludhiana : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੇ ਅਚਾਨਕ ਤਾਨਾਸ਼ਾਹੀ ਫ਼ਰਮਾਨ ਜਾਰੀ ਕਰਦਿਆਂ ਰਾਤ ਸਮੇਂ ਕਾਰਖ਼ਾਨਿਆਂ ਦੀ ਬਿਜਲੀ ਸਪਲਾਈ ਬੰਦ ਰੱਖਣ ਦਾ ਐਲਾਨ ਕੀਤਾ ਹੈ। ਬਿਜਲੀ ਸਪਲਾਈ ਬੰਦ ਕਰਨ ਦਾ ਕਾਰਣ ਬਿਜਲੀ ਦੀ ਘਾਟ ਦੱਸਿਆ ਜਾ ਰਿਹਾ ਹੈ।
ਬਿਜਲੀ ਦੀ ਘਾਟ ਕਰਕੇ ਹੀ 27 ਅਗਸਤ ਨੂੰ ਰਾਤ 9 ਵਜੇ ਤੋਂ ਰਾਤ 12 ਵਜੇ ਤਕ ਬਿਜਲੀ ਸਪਲਾਈ ਅਚਾਨਕ ਬੰਦ ਕਰ ਦਿੱਤੀ ਗਈ, ਜਿਸ ਕਰਕੇ ਉਦਯੋਗਿਕ ਇਲਾਕੇ ਹਨ੍ਹੇਰੇ ’ਚ ਡੁੱਬ ਗਏ। ਹੋਰ ਤਾਂ ਹੋਰ ਕਾਰਖ਼ਾਨੇ ਤਾਂ ਕੀ ਚੱਲਣੇ ਸਨ, ਸਗੋਂ ਲੇਬਰ ਤੇ ਹੋਰ ਲੋਕਾਂ ਦੇ ਰਹਿਣ ਵਾਲੇ ਕਮਰਿਆਂ ਵਿੱਚ ਵੀ ਬਿਜਲੀ ਦੀ ਸਪਲਾਈ ਠੱਪ ਰਹੀ। ਬਿਜਲੀ ਕੱਟਾਂ ਨੂੰ ਲੈ ਕੇ ਸਨਅਤੀ ਖੇਤਰ ਦੇ ਨਾਲ-ਨਾਲ ਆਮ ਲੋਕਾਂ ’ਚ ਵੀ ਚਿੰਤਾ ਵਧ ਰਹੀ ਹੈ। ਗਰਮੀ ਦੇ ਦਿਨਾਂ ’ਚ ਰਾਤ ਸਮੇਂ ਲੰਬੇ ਬਿਜਲੀ ਕੱਟ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬਿਜਲੀ ਨਾ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ, ਸਵੇਰੇ ਸਕੂਲ ਜਾਣ ਵਾਲੇ ਬੱਚਿਆਂ ਤੇ ਰੋਜ਼ਾਨਾ ਕੰਮ-ਕਾਰ ’ਤੇ ਜਾਣ ਵਾਲੇ ਲੋਕਾਂ ਦੀ ਰੁਟੀਨ ਵੀ ਪ੍ਰਭਾਵਿਤ ਹੁੰਦੀ ਹੈ। ਜਾਣਕਾਰੀ ਅਨੁਸਾਰ ਅੱਜ ਵੀ ਸ਼ਾਮ 7 ਵਜੇ ਤੋਂ ਰਾਤ 12 ਵਜੇ ਤੱਕ ਬਿਜਲੀ ਸਪਲਾਈ ਬੰਦ ਕੀਤੇ ਜਾਣ ਦੀ ਸੰਭਾਵਨਾ ਹੈ। ਸਨਅਤਕਾਰਾਂ ਅਨੁਸਾਰ ਜੇਕਰ ਪਾਵਰਕਾਮ ਬਿਜਲੀ ਦੀ ਘਾਟ ਕਾਰਨ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇਣ ਵਿੱਚ ਅਸਮਰੱਥ ਹੈ ਤਾਂ ਸਰਕਾਰ ਨੂੰ ਇਸ ਸਮੱਸਿਆ ਦਾ ਸਥਾਈ ਹੱਲ ਲੱਭਣਾ ਚਾਹੀਦਾ ਹੈ। ਬਿਜਲੀ ਦੀ ਘਾਟ ਕਾਰਨ ਵਾਰ-ਵਾਰ ਉਦਯੋਗਿਕ ਗਤੀਵਿਧੀਆਂ ਪ੍ਰਭਾਵਿਤ ਹੋਣ ਨਾਲ ਇਸ ਦਾ ਅਸਰ ਪੂਰੀ ਅਰਥਵਿਵਸਥਾ ’ਤੇ ਪੈਂਦਾ ਹੈ।
-ਹਨੇਰੇ ਕਾਰਨ ਚੋਰੀਆਂ ਦਾ ਖ਼ਤਰਾ ਵਧਣ ਦਾ ਖ਼ਦਸ਼ਾ
ਲੋਕਾਂ ਅਨੁਸਾਰ ਰਾਤ ਨੂੰ ਪੂਰੇ ਇਲਾਕੇ ਦੀ ਬਿਜਲੀ ਬੰਦ ਹੋਣ ਨਾਲ ਸੁਰੱਖਿਆ ਨੂੰ ਲੈ ਕੇ ਵੀ ਗੰਭੀਰ ਚਿੰਤਾ ਪੈਦਾ ਹੁੰਦੀ ਹੈ। ਹਨੇਰੇ ਦਾ ਫਾਇਦਾ ਚੁੱਕ ਕੇ ਚੋਰੀਆਂ ਅਤੇ ਹੋਰ ਅਣਸੁਖਾਵੀਆਂ ਘਟਨਾਵਾਂ ਵਾਪਰਨ ਦਾ ਖ਼ਤਰਾ ਵੱਧ ਸਕਦਾ ਹੈ। ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਰਾਤ ਦੇ ਸਮੇਂ ਬਿਜਲੀ ਸਪਲਾਈ ਬੰਦ ਕਰਨ ਦੇ ਫ਼ੈਸਲੇ ’ਤੇ ਮੁੜ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸਨਅਤ ਮੰਤਰੀ ਅਤੇ ਬਿਜਲੀ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਗੰਭੀਰ ਮਸਲੇ ਦਾ ਤੁਰੰਤ ਹੱਲ ਕੀਤਾ ਜਾਵੇ।









