ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੋਮਵਾਰ ਨੂੰ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ਸੰਤ ਕਬੀਰ ਕੁਟੀਰ ਵਿਖੇ ਕਈ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ। ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮਾਨ ਸਾਹਿਬ ਵੱਲੋਂ ਪੱਗ ਨੂੰ ‘ਨਕਲੀ ਪੱਗ’ ਕਹਿਣਾ ਬਹੁਤ ਹੀ ਮੰਦਭਾਗਾ ਹੈ।
ਮਾਨ ਸਾਹਿਬ, ਸਾਡੇ ਲਈ ਤਾਂ ਪੱਗ ਗੁਰੂਆਂ ਦਾ ਸਤਿਕਾਰ ਹੈ। ਇਹ ਸਾਡੇ ਲਈ ਸ਼ਰਧਾ, ਵਿਸ਼ਵਾਸ ਅਤੇ ਆਦਰ ਦਾ ਵਿਸ਼ਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੱਗ ਸਾਡੇ ਗੁਰੂਆਂ ਵੱਲੋਂ ਦਿੱਤੀ ਗਈ ਪਰੰਪਰਾ ਹੈ।
ਅਸੀਂ ਆਪਣੇ ਗੁਰੂਆਂ ਵੱਲੋਂ ਦਿੱਤੀਆਂ ਸਿੱਖਿਆਵਾਂ ‘ਤੇ ਚੱਲਦਿਆਂ ਹੀ ਆਪਣੀ ਸਰਕਾਰ ਚਲਾ ਰਹੇ ਹਾਂ। ਜੇਕਰ ਭਗਵੰਤ ਮਾਨ ਇਸ ਪੱਗ ਨੂੰ ਨਕਲੀ ਦੱਸ ਰਹੇ ਹਨ ਤਾਂ ਭਗਵੰਤ ਮਾਨ ਉਸ ਸਥਾਨ ‘ਤੇ ਜਾ ਕੇ ਮੁਆਫ਼ੀ ਮੰਗਣ, ਜਿੱਥੇ ਸਾਡੇ ਗੁਰੂਆਂ ਨੇ ਇਹ ਦਸਤਾਰ ਸਜਾਈ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਮਾਨ ਸਾਹਿਬ ਪੰਜਾਬ ਦੇ ਲੋਕਾਂ ਤੋਂ ਮੁਆਫ਼ੀ ਮੰਗਣ। ਉਨ੍ਹਾਂ ਨੇ ਪੰਜਾਬ ਦੀ ਜਨਤਾ ਦਾ ਅਪਮਾਨ ਕੀਤਾ ਹੈ। ਉਨ੍ਹਾਂ ਨੂੰ ਗੁਰੂਆਂ ਅਤੇ ਪੰਜਾਬ ਦੀ ਜਨਤਾ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡੇ ਗੁਰੂਆਂ ਦੀਆਂ ਸ਼ਹਾਦਤਾਂ ਕਾਰਨ ਹੀ ਅੱਜ ਅਸੀਂ ਇੱਥੇ ਬੈਠੇ ਹਾਂ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।









