ਪੈਰਿਸ – ਫਰਾਂਸ ਦੀ ਰਾਜਧਾਨੀ ਪੈਰਿਸ ‘ਚ ਸਥਿਤ ਮਸ਼ਹੂਰ ਐਫਿਲ ਟਾਵਰ ਸੋਮਵਾਰ ਨੂੰ ਕਰਮਚਾਰੀਆਂ ਦੀ ਹੜਤਾਲ ਕਾਰਨ ਬੰਦ ਰਿਹਾ। ਕਰਮਚਾਰੀਆਂ ਨੇ ਦੋਸ਼ ਲਗਾਇਆ ਕਿ ਕੁਝ ਦਿਨ ਪਹਿਲਾਂ ਇੱਕ ਹਿੰਦੂ ਧਾਰਮਿਕ ਸਮੂਹ ਦੇ ਦੌਰੇ ਦੌਰਾਨ ਮਹਿਲਾ ਕਰਮਚਾਰੀਆਂ ਨੂੰ ਉੱਥੋਂ ਹਟਾ ਦਿੱਤਾ ਗਿਆ ਸੀ। ਕਰਮਚਾਰੀਆਂ ਅਤੇ ਪ੍ਰਬੰਧਨ ਨੇ ਇਸ ਦੀ ਜਾਣਕਾਰੀ ਦਿੱਤੀ। ਇਹ ਵਿਵਾਦ ਪਿਛਲੇ ਹਫ਼ਤੇ BAPS (ਬੋਚਾਸਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ) ਨਾਲ ਜੁੜੇ ਲਗਭਗ 100 ਲੋਕਾਂ ਦੇ ਇੱਕ ਨਿੱਜੀ ਦੌਰੇ ਤੋਂ ਸ਼ੁਰੂ ਹੋਇਆ। ਇਹ ਇੱਕ ਧਾਰਮਿਕ ਸਮੂਹ ਹੈ, ਜਿਸ ਦੇ ਨੁਮਾਇੰਦੇ ਪੈਰਿਸ ਦੇ ਬਾਹਰੀ ਇਲਾਕੇ ‘ਚ ਇੱਕ ਮੰਦਰ ਦੇ ਉਦਘਾਟਨ ਨਾਲ ਜੁੜੇ ਸਮਾਗਮਾਂ ਲਈ ਫਰਾਂਸ ਆਏ ਹੋਏ ਸਨ।
ਐਫਿਲ ਟਾਵਰ ਦੇ ਕਰਮਚਾਰੀਆਂ ਨੇ ਬਿਆਨ ‘ਚ ਕੀ ਕਿਹਾ?
ਇੱਕ ਬਿਆਨ ‘ਚ ਐਫਿਲ ਟਾਵਰ ਦੇ ਕਰਮਚਾਰੀਆਂ ਨੇ ਉਨ੍ਹਾਂ ਪੇਸ਼ੇਵਰ ਹਦਾਇਤਾਂ ਦੀ ਨਿੰਦਾ ਕੀਤੀ, ਜਿਨ੍ਹਾਂ ਤਹਿਤ ਵਫ਼ਦ ਦੇ ਦੌਰੇ ਦੌਰਾਨ ਮਹਿਲਾ ਕਰਮਚਾਰੀਆਂ ਨੂੰ ਪਾਸੇ ਕਰ ਦਿੱਤਾ ਗਿਆ, ਉਨ੍ਹਾਂ ਦੀ ਥਾਂ ਹੋਰ ਕਰਮਚਾਰੀ ਲਿਆਂਦੇ ਗਏ ਅਤੇ ਉਨ੍ਹਾਂ ਦੇ ਲਿੰਗ ਦੇ ਆਧਾਰ ’ਤੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ।
ਸਟਾਫ ਨੇ ਆਪਣੇ ਬਿਆਨ ‘ਚ ਕਿਹਾ, “ਇਸ ਵਫ਼ਦ ਦਾ ਸਵਾਗਤ ਕਰਨ ਲਈ ਐਫਿਲ ਟਾਵਰ ਦੀਆਂ ਮਹਿਲਾ ਕਰਮਚਾਰੀਆਂ ਅਤੇ ਠੇਕੇਦਾਰ ਕੰਪਨੀਆਂ ਦੀਆਂ ਮਹਿਲਾ ਕਰਮਚਾਰੀਆਂ ਨੂੰ ਨਜ਼ਰ ਤੋਂ ਦੂਰ ਰਹਿਣ (ਗਾਇਬ ਰਹਿਣ) ਦਾ ਨਿਰਦੇਸ਼ ਦਿੱਤਾ ਗਿਆ ਸੀ।” ਉਨ੍ਹਾਂ ਨੇ ਕਿਹਾ ਕਿ ਅਜਿਹੀ ਸਥਿਤੀ ‘ਚ ਪਾਏ ਜਾਣ ਕਾਰਨ ਉਹ ਹੈਰਾਨ ਸਨ।








