CITY HOME NEWS

Homenewsਖ਼ਤਮ ਹੋਣ ਵੱਲ ਕਿਸਾਨ ਅੰਦੋਲਨ?

ਮੁਹਾਲੀ-ਚੰਡੀਗੜ੍ਹ ਬਾਰਡਰ ‘ਤੇ ਪਿਛਲੀ 1 ਸਤੰਬਰ ਤੋਂ ਚੱਲ ਰਿਹਾ ਕਿਸਾਨਾਂ ਦਾ ਧਰਨਾ ਸੋਮਵਾਰ ਨੂੰ 7ਵੇਂ ਦਿਨ ਵਿੱਚ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਪੰਜਾਬ ਸਰਕਾਰ ਦੇ ਦੋ ਮੰਤਰੀਆਂ ਅਤੇ ਕਿਸਾਨ ਨੇਤਾਵਾਂ ਵਿਚਾਲੇ ਬੈਠਕ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ।

ਸੂਤਰਾਂ ਅਨੁਸਾਰ ਬੈਠਕ ਸਕਰਾਤਮਕ (ਪਾਜ਼ੇਟਿਵ) ਰਹੀ ਅਤੇ ਕਈ ਮੰਗਾਂ, ਜੋ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ’ਚ ਪੂਰੀਆਂ ਹੋ ਸਕਦੀਆਂ ਹਨ, ਉਨ੍ਹਾਂ ’ਚੋਂ ਕਈਆਂ ਨੂੰ ਮੰਨ ਲਿਆ ਗਿਆ। ਸਰਕਾਰ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਬੈਠਕ ’ਚ ਹਾਜ਼ਰ ਹੋਏ, ਜਦਕਿ ਕਿਸਾਨਾਂ ਦੀਆਂ ਕਈ ਜਥੇਬੰਦੀਆਂ ਦੇ ਨੇਤਾ ਪਹੁੰਚੇ।

ਸਰਕਾਰ ਵੱਲੋਂ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਇੱਕ ਮਹੀਨੇ ਦੇ ਅੰਦਰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਪਾਣੀ ਦੇ ਮਸਲੇ ‘ਤੇ ਗੱਲ ਕੀਤੀ ਜਾਵੇਗੀ। ਬਾਕੀ ਕੇਂਦਰ ਤੋਂ ਪੂਰੀਆਂ ਹੋਣ ਵਾਲੀਆਂ ਮੰਗਾਂ ਨੂੰ ਲੈ ਕੇ ਕੇਂਦਰ ਨਾਲ ਗੱਲਬਾਤ ਕਰਨ ਦਾ ਭਰੋਸਾ ਮੰਤਰੀਆਂ ਨੇ ਕਿਸਾਨ ਨੇਤਾਵਾਂ ਨੂੰ ਦਿੱਤਾ।

ਸੋਮਵਾਰ ਨੂੰ ਕਿਸਾਨ ਜਥੇਬੰਦੀਆਂ ਦੇ ਨੇਤਾ ਆਪਸ ਵਿੱਚ ਬੈਠਕ ਕਰਨਗੇ। ਉਸ ਤੋਂ ਬਾਅਦ ਸਟੇਜ ਤੋਂ ਸਰਕਾਰ ਅਤੇ ਕਿਸਾਨਾਂ ਵਿਚਾਲੇ ਹੋਈ ਬੈਠਕ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਦੌਰਾਨ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ, ਜੋ ਮੰਗਾਂ ਪੰਜਾਬ ਸਰਕਾਰ ਨੇ ਮੰਨੀਆਂ ਹਨ, ਉਨ੍ਹਾਂ ਦਾ ਲਿਖਤੀ ਮਸੌਦਾ ਲੈ ਕੇ ਮੋਰਚੇ ਵਿੱਚ ਪਹੁੰਚ ਸਕਦਾ ਹੈ। ਕੁੱਲ ਮਿਲਾ ਕੇ ਅੱਜ ਬਾਰਡਰ ‘ਤੇ ਲੱਗਿਆ ਕਿਸਾਨਾਂ ਦਾ ਮੋਰਚਾ ਖ਼ਤਮ ਹੋ ਸਕਦਾ ਹੈ।

ਕਿਸਾਨਾਂ ਵੱਲੋਂ ਅਮਰੀਕਾ ਨਾਲ ਟ੍ਰੇਡ ਡੀਲ ਨਾ ਕਰਨ, ਪਾਣੀ ਦੇ ਮੁੱਦੇ ਨੂੰ ਲੈ ਕੇ ਸੈਕਸ਼ਨ 78, 79, 80 ਰੱਦ ਕਰਨ, ਕਿਸਾਨਾਂ ਦਾ ਪੂਰਾ ਕਰਜ਼ਾ ਮਾਫ਼ ਕਰਨ, ਫ਼ਸਲਾਂ ਦੇ ਭਾਅ ਸਵਾਮੀਨਾਥਨ ਰਿਪੋਰਟ ਦੇ ਹਿਸਾਬ ਨਾਲ ਤੈਅ ਕਰਨ, ਬਿਜਲੀ ਬਿਲ 2025 ਅਤੇ ਬੀਜ ਬਿਲ 2025 ਵਾਪਸ ਲੈਣ, ਗੰਨੇ ਦਾ ਭਾਅ 500 ਰੁਪਏ ਪ੍ਰਤੀ ਕੁਇੰਟਲ ਕਰਨ, ਲੈੰਡ ਪੂਲਿੰਗ ਸਕੀਮ ਰੱਦ ਕਰਨ ਸਮੇਤ ਕਈ ਹੋਰ ਮੰਗਾਂ ਨੂੰ ਲੈ ਕੇ ਮੁਹਾਲੀ ਵਿੱਚ ਪੱਕਾ ਮੋਰਚਾ ਲਗਾਇਆ ਗਿਆ ਹੈ।

ਕਿਸਾਨ ਨੇਤਾਵਾਂ ਅਤੇ ਪ੍ਰਸ਼ਾਸਨ ਨਾਲ ਗੱਲਬਾਤ ਤੋਂ ਬਾਅਦ ਕਿਸਾਨਾਂ ਨੇ 1 ਤੋਂ 7 ਸਤੰਬਰ ਤੱਕ ਮੁਹਾਲੀ ਤੋਂ ਚੰਡੀਗੜ੍ਹ ਜਾਣ ਵਾਲੀ ਮੁੱਖ ਸੜਕ ਦੀ ਇੱਕ ਤਰਫ਼ ਮੁਹਾਲੀ ਬਾਰਡਰ ‘ਤੇ ਧਰਨਾ ਲਗਾਇਆ ਹੈ। ਮੋਰਚੇ ਵਿੱਚ ਪੰਜਾਬ ਭਰ ਤੋਂ ਪਹੁੰਚੇ ਕਿਸਾਨਾਂ ਦੀਆਂ ਟਰੈਕਟਰ-ਟ੍ਰਾਲੀਆਂ ਖੜ੍ਹੀਆਂ ਕਰਨ ਲਈ ਜਗ੍ਹਾ ਨਾ ਮਿਲਣ ਕਾਰਨ ਕਿਸਾਨਾਂ ਨੇ ਸੜਕ ਦੀ ਦੂਜੀ ਤਰਫ਼ ਵੀ ਟ੍ਰਾਲੀਆਂ ਖੜ੍ਹੀਆਂ ਕਰ ਦਿੱਤੀਆਂ ਹਨ। ਫਿਲਹਾਲ ਸੜਕ ਦੀ ਇੱਕ ਤਰਫ਼ ਤੋਂ ਚੰਡੀਗੜ੍ਹ ਤੋਂ ਮੁਹਾਲੀ ਆਉਣ-ਜਾਣ ਵਾਲਿਆਂ ਲਈ ਰਸਤਾ ਖੁੱਲ੍ਹਾ ਹੈ।

About Author

Posted By City Home News

Leave a Reply

Your email address will not be published. Required fields are marked *