ਚੰਡੀਗੜ੍ਹ : ਪਾਕਿਸਤਾਨ ਤੋਂ ਡ੍ਰੋਨ ਰਾਹੀਂ ਪੰਜਾਬ ’ਚ ਭੇਜੀ ਜਾ ਰਹੀ ਹੈਰੋਇਨ ’ਤੇ ਪੁਲਿਸ ਅਤੇ ਸਰਹੱਦੀ ਸੁਰੱਖਿਆ ਦਸਤੇ (ਬੀਐੱਸਐੱਫ) ਦੀ ਕਾਰਵਾਈ ਦਾ ਅਸਰ ਹੁਣ ਜ਼ਮੀਨ ’ਤੇ ਦਿਖਾਈ ਦੇਣ ਲੱਗਾ ਹੈ। ਇਸ ਨਾਲ ਹੈਰੋਇਨ ਦੀ ਉਪਲਬਧਤਾ ’ਚ ਕਮੀ ਆਈ ਹੈ। ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਰੋਕਣ ਲਈ ਤਿੰਨ ਨਵੇਂ ਡ੍ਰੋਨ ਡਿਟੈਕਸ਼ਨ ਯੂਨਿਟ ਵੀ ਤਾਇਨਾਤ ਕਰ ਦਿੱਤੇ ਹਨ। ਉੱਥੇ ਹੁਣ ਫਾਰਮਾਸਿਊਟੀਕਲ ਡਰੱਗ ਦੀ ਵੱਡੀ ਚੁਣੌਤੀ ਸਾਹਮਣੇ ਆਈ ਹੈ।
ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਬੀਐੱਸਐੱਫ ਅਤੇ ਪੰਜਾਬ ਪੁਲਿਸ ਕੌਮਾਂਤਰੀ ਸਰਹੱਦ ’ਤੇ ਡ੍ਰੋਨ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਨਜਿੱਠਣ ਲਈ ਬਹੁ-ਪੱਧਰੀ ਰਣਨੀਤੀ ਅਪਣਾ ਰਹੇ ਹਨ। ਪੁਲਿਸ ਨੌਂ ਐਂਟੀ-ਡ੍ਰੋਨ ਸਿਸਟਮ ਤਾਇਨਾਤ ਕਰ ਰਹੀ ਹੈ। ਤਿੰਨ ‘ਬਾਜ਼ ਦੀ ਅੱਖ’ ਸਿਸਟਮ ਪਿਛਲੇ ਸਾਲ ਅਗਸਤ ਤੋਂ ਅੰਮ੍ਰਿਤਸਰ, ਤਰਨਤਾਰਨ ਅਤੇ ਫਿਰੋਜ਼ਪੁਰ ’ਚ ਕਾਰਜਸ਼ੀਲ ਹਨ, ਜੋ ਡ੍ਰੋਨ ਨੂੰ ਜਾਮ ਕਰ ਦਿੰਦੇ ਹਨ। ਹੁਣ ਲੰਬੇ ਸਮੇਂ ਤੱਕ ਚੱਲਣ ਵਾਲੇ ਮੋਬਾਈਲ ਡ੍ਰੋਨ ਡਿਟੈਕਸ਼ਨ ਪਲੇਟਫਾਰਮ ‘ਡ੍ਰੋਨ ਸੈਂਸ ਡੀ200 ਪ੍ਰੋ’ ਦੇ ਤਿੰਨ ਯੂਨਿਟ ਤਿੰਨ ਸਤੰਬਰ ਤੋਂ ਸਰਹੱਦੀ ਜ਼ਿਲ੍ਹਿਆਂ ’ਚ ਤਾਇਨਾਤ ਕਰ ਦਿੱਤੇ ਗਏ ਹਨ। ਇਹ ਸਿਸਟਮ ਡ੍ਰੋਨ ਦੀਆਂ ਗਤੀਵਿਧੀਆਂ ਅਤੇ ਖੇਪ ਸੁੱਟਣ ਵਾਲੀਆਂ ਥਾਵਾਂ ਦੀ ਸਹੀ ਜਾਣਕਾਰੀ ਮੁਹੱਈਆ ਕਰਦਾ ਹੈ, ਜਿਸ ਨਾਲ ਸਮੇਂ ਸਿਰ ਕਾਰਵਾਈ ਸੰਭਵ ਹੋ ਜਾਂਦੀ ਹੈ। ਤੁਰੰਤ ਕਾਰਵਾਈ ਲਈ 147 ਪੁਲਿਸ ਮੁਲਾਜ਼ਮਾਂ ਦੇ ਨਾਲ-ਨਾਲ 52 ਡ੍ਰੋਨ ਰਿਸਪਾਂਸ ਟੀਮਾਂ (ਡੀਆਰਟੀ) ਬੀਐੱਸਐੱਫ ਨਾਲ ਤਾਲਮੇਲ ਕਰ ਕੇ ਕੰਮ ਕਰ ਰਹੀਆਂ ਹਨ। ਇਸ ਨਾਲ ਨਸ਼ੀਲੇ ਪਦਾਰਥ ਅਤੇ ਤਸਕਰ ਵਧੇਰੇ ਗਿਣਤੀ ’ਚ ਫੜੇ ਜਾ ਰਹੇ ਹਨ। 585 ਥਾਵਾਂ ’ਤੇ ਨਿਗਰਾਨੀ ਲਈ 2,367 ਸੀਸੀਟੀਵੀ ਕੈਮਰੇ ਲਾਏ ਗਏ ਹਨ। 600 ਪੁਲਿਸ ਮੁਲਾਜ਼ਮ 64 ਸੈਕੰਡ ਲਾਈਨ ਆਫ ਡਿਫੈਂਸ ਨਾਕਿਆਂ ’ਤੇ ਤਾਇਨਾਤ ਕੀਤੇ ਗਏ ਹਨ। ਵਿਲੇਜ ਡਿਫੈਂਸ ਕਮੇਟੀਆਂ (ਵੀਡੀਸੀ) ਨੂੰ ਡ੍ਰੋਨ ਰਿਸਪਾਂਸ ਟੀਮਾਂ ਨਾਲ ਜੋੜਿਆ ਗਿਆ ਹੈ। ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਇਕ ਮਾਰਚ, 2025 ਤੋਂ ਹੁਣ ਤੱਕ ਲਗਪਗ 80 ਹਜ਼ਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 486 ਡ੍ਰੋਨ ਬਰਾਮਦ ਕੀਤੇ ਗਏ ਹਨ। ਨਸ਼ਾ ਤਸਕਰਾਂ ਦੀ 336 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਫ੍ਰੀਜ਼ ਕੀਤੀ ਗਈ ਹੈ। ਹਰ ਡ੍ਰੋਨ ਦੀ ਬਰਾਮਦਗੀ ’ਤੇ 25,000 ਰੁਪਏ ਇਨਾਮ ਦਿੱਤਾ ਜਾ ਰਿਹਾ ਹੈ। ਇਸ ਸਾਲ ਹੁਣ ਤੱਕ ਕਰੀਬ ਦੋ ਕਰੋੜ ਰੁਪਏ ਇਨਾਮ ਵਜੋਂ ਦਿੱਤੇ ਜਾ ਚੁੱਕੇ ਹਨ।ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਐਂਟੀ-ਡ੍ਰੋਨ ਤਕਨਾਲੋਜੀ ਨਾਲ ਪਾਕਿਸਤਾਨ ਤੋਂ ਹੈਰੋਇਨ ਦੀ ਤਸਕਰੀ ਘਟੀ ਹੈ। ਹੁਣ ਦੂਜੇ ਸੂਬਿਆਂ ਤੋਂ ਫਾਰਮਾਸਿਊਟੀਕਲ ਡਰੱਗਜ਼ ਪੰਜਾਬ ’ਚ ਭੇਜੀਆਂ ਜਾ ਰਹੀਆਂ ਹਨ, ਜੋ ਨਵੀਂ ਚੁਣੌਤੀ ਹੈ। 2025 ਤੋਂ ਹੁਣ ਤੱਕ ਉੱਤਰ ਪ੍ਰਦੇਸ਼, ਰਾਜਸਥਾਨ, ਗੁਜਰਾਤ, ਹਰਿਆਣਾ, ਦਿੱਲੀ ਅਤੇ ਹਿਮਾਚਲ ਸਮੇਤ ਹੋਰ ਸੂਬਿਆਂ ਨਾਲ ਜੁੜੀਆਂ ਖੇਪਾਂ ’ਚੋਂ 11.54 ਲੱਖ ਨਸ਼ੀਲੀਆਂ ਗੋਲ਼ੀਆਂ/ਕੈਪਸੂਲ ਬਰਾਮਦ ਕੀਤੇ ਗਏ ਹਨ। ਇਕ ਅੰਦਾਜ਼ੇ ਮੁਤਾਬਕ ਪੰਜਾਬ ’ਚ ਮਿਲਣ ਵਾਲੀਆਂ ਫਾਰਮਾਸਿਊਟੀਕਲ ਡਰੱਗਜ਼ ’ਚੋਂ 80 ਫ਼ੀਸਦ ਗੁਜਰਾਤ, ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ ਅਤੇ ਦਿੱਲੀ ਆਦਿ ਸੂਬਿਆਂ ਤੋਂ ਆ ਰਹੀਆਂ ਹਨ। ਫਾਰਮਾਸਿਊਟੀਕਲ ਡਰੱਗਜ਼ ਨਾਲ ਨਜਿੱਠਣ ਲਈ ਅੰਤਰਰਾਜੀ ਤਾਲਮੇਲ ਬੇਹੱਦ ਜ਼ਰੂਰੀ ਹੈ। ਪੰਜਾਬ ਪੁਲਿਸ ਸਬੰਧਤ ਸੂਬਿਆਂ ਦੇ ਸਾਹਮਣੇ ਇਹ ਮਾਮਲਾ ਉਠਾਏਗੀ, ਤਾਂ ਜੋ ਫਾਰਮਾਸਿਊਟੀਕਲ ਡਰੱਗਜ਼ ਨੂੰ ਪੰਜਾਬ ’ਚ ਆਉਣ ਤੋਂ ਰੋਕਿਆ ਜਾ ਸਕੇ।









