ਲੁਧਿਆਣਾ। ਕੁੱਤੇ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਬੁੱਧਵਾਰ ਰਾਤ ਖ਼ੂਨੀ ਝੜਪ ਵਿੱਚ ਬਦਲ ਗਿਆ। ਕੁਝ ਨੌਜਵਾਨਾਂ ਵੱਲੋਂ ਇੱਕ ਮੁਟਿਆਰ ਨਾਲ ਕਥਿਤ ਬਦਸਲੂਕੀ ਤੋਂ ਬਾਅਦ ਉਸ ਦਾ ਪਿਤਾ ਅਤੇ ਭਰਾ ਮੌਕੇ ‘ਤੇ ਪਹੁੰਚੇ। ਇਸੇ ਦੌਰਾਨ ਮੁਲਜ਼ਮ ਧਿਰ ਨੇ ਦੋਵਾਂ ‘ਤੇ ਫਾਇਰਿੰਗ ਕਰ ਦਿੱਤੀ। ਘਟਨਾ ‘ਚ ਪਿਓ-ਪੁੱਤ ਦੋਵੇਂ ਜ਼ਖਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ, ਮੁਟਿਆਰ ਸਿਵਲ ਸਿਟੀ ਇਲਾਕੇ ‘ਚ ਸਾਮਾਨ ਲੈਣ ਗਈ ਸੀ। ਉੱਥੇ ਇੱਕ ਨੌਜਵਾਨ ਕੁੱਤਾ ਘੁੰਮਾ ਰਿਹਾ ਸੀ। ਮੁਟਿਆਰ ਨੇ ਨੌਜਵਾਨ ਤੋਂ ਪੁੱਛਿਆ ਕਿ ਕੁੱਤਾ ਵੱਢਦਾ ਤਾਂ ਨਹੀਂ। ਇਸੇ ਗੱਲ ਨੂੰ ਲੈ ਕੇ ਨੌਜਵਾਨ ਭੜਕ ਗਿਆ ਅਤੇ ਮੁਟਿਆਰ ਨਾਲ ਕਥਿਤ ਤੌਰ ‘ਤੇ ਬਦਸਲੂਕੀ ਕਰਨ ਲੱਗਾ। ਮੁਟਿਆਰ ਨੇ ਤੁਰੰਤ ਆਪਣੇ ਪਿਤਾ ਅਤੇ ਭਰਾ ਨੂੰ ਫੋਨ ਕਰਕੇ ਮੌਕੇ ‘ਤੇ ਬੁਲਾ ਲਿਆ।
ਪਿਓ-ਪੁੱਤ ਦੇ ਮੌਕੇ ‘ਤੇ ਪਹੁੰਚਣ ਤੋਂ ਬਾਅਦ ਨੌਜਵਾਨ ਨਾਲ ਵਿਵਾਦ ਵਧ ਗਿਆ। ਇਸੇ ਦੌਰਾਨ ਮੁਲਜ਼ਮਾਂ ‘ਚੋਂ ਇੱਕ ਨੌਜਵਾਨ ਭੱਜ ਕੇ ਆਪਣੇ ਘਰ ਗਿਆ ਅਤੇ ਬੰਦੂਕ ਕੱਢ ਕੇ ਵਾਪਸ ਆ ਗਿਆ। ਇਸ ਤੋਂ ਬਾਅਦ ਉਸ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।ਪੀੜਤ ਧਿਰ ਅਨੁਸਾਰ, ਮੌਕੇ ‘ਤੇ ਕੁੱਲ ਛੇ ਰਾਊਂਡ ਫਾਇਰ ਕੀਤੇ ਗਏ। ਇਨ੍ਹਾਂ ’ਚੋਂ ਦੋ ਹਵਾਈ ਫਾਇਰ ਸਨ, ਜਦਕਿ ਬਾਕੀ ਗੋਲੀਆਂ ਪਿਓ-ਪੁੱਤ ਨੂੰ ਨਿਸ਼ਾਨਾ ਬਣਾ ਕੇ ਚਲਾਈਆਂ ਗਈਆਂ। ਗੋਲੀ ਲੱਗਣ ਨਾਲ ਦੋਵੇਂ ਜ਼ਖਮੀ ਹੋ ਗਏ। ਪਿਤਾ ਦੇ ਪੈਰ ‘ਚ ਗੋਲੀ ਲੱਗੀ ਹੈ, ਜਦਕਿ ਪੁੱਤ ਦੇ ਪੈਰ ‘ਚ ਲੱਗੀ ਗੋਲੀ ਆਰ-ਪਾਰ ਹੋ ਗਈ। ਹਮਲੇ ਦੌਰਾਨ ਪੁੱਤ ਦੀ ਬਾਂਹ ‘ਤੇ ਵੀ ਗੰਭੀਰ ਸੱਟ ਆਈ, ਜਿੱਥੇ ਨੌਂ ਟਾਂਕੇ ਲਗਾਏ ਗਏ ਹਨ। ਪਿਤਾ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ।
ਜ਼ਖਮੀ ਵੰਸ਼ ਨੇ ਦੱਸਿਆ ਕਿ ਬੁੱਧਵਾਰ ਨੂੰ ਉਸ ਦੇ ਪਿਤਾ ਦਾ ਜਨਮਦਿਨ ਸੀ। ਉਸ ਦੀ ਭੈਣ ਸਿਵਲ ਸਿਟੀ ਇਲਾਕੇ ‘ਚ ਸਾਮਾਨ ਲੈਣ ਗਈ ਸੀ। ਉੱਥੇ ਕੁੱਤਾ ਘੁੰਮਾ ਰਹੇ ਨੌਜਵਾਨ ਤੋਂ ਉਸ ਨੇ ਪੁੱਛਿਆ ਸੀ ਕਿ ਕੁੱਤਾ ਵੱਢਦਾ ਤਾਂ ਨਹੀਂ। ਇਸੇ ਗੱਲ ‘ਤੇ ਨੌਜਵਾਨ ਭੜਕ ਗਿਆ ਅਤੇ ਭੈਣ ਨਾਲ ਬਦਸਲੂਕੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਫਾਇਰਿੰਗ ਕਰ ਦਿੱਤੀ।
ਘਟਨਾ ਤੋਂ ਬਾਅਦ ਥਾਣਾ ਹੈਬੋਵਾਲ ਦੇ ਐੱਸ.ਐੱਚ.ਓ. ਜਸਵੀਰ ਸਿੰਘ ਨੇ ਦੱਸਿਆ ਕਿ ਮਾਮਲਾ ਪੁਲਿਸ ਦੇ ਧਿਆਨ ’ਚ ਹੈ ਅਤੇ ਜਾਂਚ ਚੱਲ ਰਹੀ ਹੈ। ਹਾਲਾਂਕਿ, ਅਜੇ ਤੱਕ ਪੁਲਿਸ ਕੋਲ ਗੋਲੀ ਚੱਲਣ ਦੀ ਕੋਈ ਸੂਚਨਾ ਨਹੀਂ ਪਹੁੰਚੀ ਸੀ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਮਾਮਲੇ ਦੀ ਪੂਰੀ ਸਥਿਤੀ ਸਪੱਸ਼ਟ ਹੋ ਸਕੇਗੀ।









