ਪੋਲੈਂਡ ’ਚ ਆਪਣਾ ਘਰ-ਪਰਿਵਾਰ ਵਸਾਉਣ ਦਾ ਸੁਪਨਾ ਲੈ ਕੇ ਪਤੀ ਨੂੰ ਆਪਣੇ ਕੋਲ ਬੁਲਾਉਣ ਵਾਲੀ ਲੁਧਿਆਣਾ ਦੀ ਇੱਕ ਲੜਕੀ ਲਈ ਵਿਦੇਸ਼ ਦੀ ਧਰਤੀ ’ਤੇ ਵਿਆਹ ਦਾ ਰਿਸ਼ਤਾ ਵੱਡੇ ਵਿਵਾਦ ’ਚ ਬਦਲ ਗਿਆ। ਨੂਰਵਾਲਾ ਵਾਸੀ ਰਮਨਦੀਪ ਕੌਰ, ਜੋ ਸਾਲ 2015 ’ਚ ਪੋਲੈਂਡ ਗਈ ਅਤੇ ਬਾਅਦ ’ਚ ਉੱਥੇ ਪੱਕੀ ਹੋ ਗਈ ਸੀ, ਉਸ ਨੇ ਸਾਲ 2022 ’ਚ ਆਪਣੇ ਪਤੀ ਅੰਮ੍ਰਿਤਪਾਲ ਸਿੰਘ ਨੂੰ ਤਿੰਨ ਸਾਲ ਦੇ ਵੀਜ਼ੇ ’ਤੇ ਪੋਲੈਂਡ ਬੁਲਾਇਆ।
ਪਰਿਵਾਰ ਦਾ ਦੋਸ਼ ਹੈ ਕਿ ਉੱਥੇ ਕੁਝ ਸਮਾਂ ਪਤਨੀ ਨਾਲ ਰਹਿਣ ਤੋਂ ਬਾਅਦ ਅੰਮ੍ਰਿਤਪਾਲ ਨੇ ਵੱਖਰਾ ਟਿਕਾਣਾ ਬਣਾ ਲਿਆ ਅਤੇ ਮੁੜ ਪਤਨੀ ਕੋਲ ਨਹੀਂ ਗਿਆ। ਮਾਮਲਾ ਇੱਥੋਂ ਤੱਕ ਪਹੁੰਚਿਆ ਕਿ ਲੜਕੀ ਦੇ ਪਰਿਵਾਰ ਨੂੰ ਪੁਲਿਸ ਦਾ ਦਰਵਾਜ਼ਾ ਖੜਕਾਉਣਾ ਪਿਆ।
ਸਾਲਾਂ ਦੀ ਪੜ੍ਹਾਈ ਮਗਰੋਂ ਪੋਲੈਂਡ ਗਈ ਸੀ ਰਮਨਦੀਪ
ਪਰਿਵਾਰ ਮੁਤਾਬਕ ਰਮਨਦੀਪ ਕੌਰ ਨੇ ਕਈ ਸਾਲ ਪੜ੍ਹਾਈ ਕਰਨ ਤੋਂ ਬਾਅਦ 2015 ’ਚ ਪੋਲੈਂਡ ਦਾ ਰੁਖ ਕੀਤਾ ਸੀ। ਉੱਥੇ ਪਹੁੰਚ ਕੇ ਉਸਨੇ ਆਪਣੀ ਪੜ੍ਹਾਈ ਅਤੇ ਹੋਰ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ ਅਤੇ ਬਾਅਦ ’ਚ ਪੋਲੈਂਡ ’ਚ ਪੱਕੀ ਹੋ ਗਈ। ਇਸੇ ਦੌਰਾਨ ਪਰਿਵਾਰ ਉਸ ਲਈ ਵਿਆਹ ਦਾ ਰਿਸ਼ਤਾ ਦੇਖ ਰਿਹਾ ਸੀ। ਇੱਕ ਰਿਸ਼ਤੇਦਾਰ ਨੇ ਜੋਗੀ ਮਾਜਰਾ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਦਾ ਰਿਸ਼ਤਾ ਦੱਸਿਆ।
ਪਰਿਵਾਰ ਮੁਤਾਬਕ ਉਸ ਸਮੇਂ ਅੰਮ੍ਰਿਤਪਾਲ ਦੇ ਇੰਗਲੈਂਡ ’ਚ ਪੱਕੇ ਹੋਣ ਦੀ ਗੱਲ ਦੱਸੀ ਗਈ ਸੀ। ਇਸ ’ਤੇ ਭਰੋਸਾ ਕਰਦਿਆਂ ਰਮਨਦੀਪ ਭਾਰਤ ਆਈ ਅਤੇ ਸਾਲ 2016 ’ਚ ਦੋਵਾਂ ਦਾ ਵਿਆਹ ਕਰ ਦਿੱਤਾ ਗਿਆ। ਲੜਕੀ ਦੇ ਮਾਪਿਆਂ ਦਾ ਦੋਸ਼ ਹੈ ਕਿ ਵਿਆਹ ਬਹੁਤ ਵੱਡੇ ਪੈਲੇਸ ’ਚ ਕੀਤਾ ਗਿਆ ਸੀ। ਇਸ ਦੌਰਾਨ ਲੱਖਾਂ ਰੁਪਏ ਦੇ ਸੋਨੇ ਦੇ ਗਹਿਣਿਆਂ ਸਮੇਤ ਹੋਰ ਦਾਜ ਦਿੱਤਾ ਗਿਆ। ਪਰਿਵਾਰ ਮੁਤਾਬਕ ਵਿਆਹ ਤੋਂ ਬਾਅਦ ਜਿੰਨਾ ਸਮਾਂ ਅੰਮ੍ਰਿਤਪਾਲ ਭਾਰਤ ਵਿੱਚ ਰਿਹਾ, ਉਸਦੇ ਖਰਚੇ ਵੀ ਲੜਕੀ ਦੇ ਪਰਿਵਾਰ ਨੇ ਚੁੱਕੇ।
ਲੜਕੀ ਦੀ ਮਾਂ ਨੇ ਦੋਸ਼ ਲਾਇਆ ਕਿ ਅੰਮ੍ਰਿਤਪਾਲ ਕੋਲ ਕੰਮ ਨਾ ਹੋਣ ਕਾਰਨ ਉਸਦੀ ਮਦਦ ਲਈ ਪਰਿਵਾਰ ਨੇ ਕੱਪੜਿਆਂ ਦੀ ਮੈਨੂਫੈਕਚਰਿੰਗ ਨਾਲ ਸਬੰਧਤ ਇੱਕ ਛੋਟੀ ਫੈਕਟਰੀ ਤੱਕ ਲਗਾ ਕੇ ਦਿੱਤੀ ਸੀ।
ਵਿਆਹ ਤੋਂ ਬਾਅਦ ਰਮਨਦੀਪ ਪੋਲੈਂਡ ਵਾਪਸ ਚਲੀ ਗਈ। ਪਰਿਵਾਰ ਮੁਤਾਬਕ ਕੋਰੋਨਾ ਮਹਾਮਾਰੀ ਕਾਰਨ ਪਤੀ ਨੂੰ ਤੁਰੰਤ ਪੋਲੈਂਡ ਬੁਲਾਉਣਾ ਸੰਭਵ ਨਹੀਂ ਹੋ ਸਕਿਆ। ਆਖ਼ਰ ਸਾਲ 2022 ’ਚ ਰਮਨਦੀਪ ਨੇ ਅੰਮ੍ਰਿਤਪਾਲ ਨੂੰ ਤਿੰਨ ਸਾਲ ਦੇ ਵੀਜ਼ੇ ’ਤੇ ਪੋਲੈਂਡ ਬੁਲਾ ਲਿਆ।
ਪਰਿਵਾਰ ਦਾ ਕਹਿਣਾ ਹੈ ਕਿ ਪੋਲੈਂਡ ਪਹੁੰਚਣ ਤੋਂ ਬਾਅਦ ਕੁਝ ਸਮਾਂ ਦੋਵੇਂ ਇਕੱਠੇ ਰਹੇ ਪਰ ਇਸ ਤੋਂ ਬਾਅਦ ਅੰਮ੍ਰਿਤਪਾਲ ਕਿਸੇ ਹੋਰ ਥਾਂ ਜਾ ਕੇ ਵੱਖ ਰਹਿਣ ਲੱਗ ਪਿਆ। ਲੜਕੀ ਵੱਲੋਂ ਕਈ ਵਾਰ ਵਾਪਸ ਆਉਣ ਲਈ ਕਹਿਣ ਦੇ ਬਾਵਜੂਦ ਉਹ ਪਤਨੀ ਕੋਲ ਨਹੀਂ ਆਇਆ ਅਤੇ ਆਪਣਾ ਕੰਮ ਕਰਦਾ ਰਿਹਾ।








