ਲੁਧਿਆਣਾ : ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਸੀਨੀਅਰ ਆਗੂ ਤੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਲੁਧਿਆਣਾ ਦੇ ਕਾਰਖਾਨੇ ਤੇ ਖੇਤੀਬਾੜੀ ਖੇਤਰ ਨੂੰ ਦਰਪੇਸ਼ ਬਿਜਲੀ ਸੰਕਟ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਲੰਬੇ ਬਿਜਲੀ ਕੱਟਾਂ ਕਾਰਨ ਸਨਅਤੀ ਖੇਤਰ ਦੇ ਨਾਲ-ਨਾਲ ਕਿਸਾਨੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਆਲੀ ਨੇ ਕਿਹਾ ਕਿ ਲੁਧਿਆਣਾ ਦੇ ਕਾਰਖਾਨੇ ਪਿਛਲੇ ਦੋ ਮਹੀਨਿਆਂ ਤੋਂ ਗੰਭੀਰ ਬਿਜਲੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਕਈ-ਕਈ ਘੰਟਿਆਂ ਦੇ ਕੱਟਾਂ ਕਾਰਨ ਉਤਪਾਦਨ ਪ੍ਰਭਾਵਿਤ ਹੋਇਆ ਹੈ ਤੇ ਕਈ ਕਾਰਖਾਨਿਆਂ ਨੂੰ ਸਮਰੱਥਾ ਦੇ ਅੱਧੇ ਪੱਧਰ ’ਤੇ ਕੰਮ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਸਨਅਤਕਾਰ ਸਮੇਂ ਸਿਰ ਬਿਜਲੀ ਦੇ ਬਿੱਲ ਅਦਾ ਕਰ ਰਹੇ ਹਨ, ਉਨ੍ਹਾਂ ਨੂੰ ਪੈਸੇ ਦੇਣ ਦੇ ਬਾਵਜੂਦ ਨਿਰਵਿਘਨ ਬਿਜਲੀ ਨਾ ਮਿਲਣਾ ਚਿੰਤਾਜਨਕ ਹੈ। ਸਨਅਤ ਨੇ ਉਦਯੋਗਿਕ ਬਿਜਲੀ ਦਰਾਂ ਵਿੱਚ ਵਾਧੇ ਤੇ ਲੋਡ ਸਮੇਤ ਹੋਰ ਖਰਚਿਆਂ ਦਾ ਭਾਰ ਵੀ ਸਹਿਣ ਕੀਤਾ ਹੈ। “ਉਦਯੋਗ ਸਰਕਾਰ ਤੋਂ ਮੁਫ਼ਤ ਬਿਜਲੀ ਨਹੀਂ ਮੰਗ ਰਿਹਾ, ਸਗੋਂ ਆਪਣੇ ਪੈਸੇ ਦੇ ਕੇ ਬਿਜਲੀ ਖਰੀਦ ਰਿਹਾ ਹੈ। ਇਸ ਲਈ ਉਸ ਨੂੰ ਉਸਦੇ ਹੱਕ ਦੀ ਨਿਰਵਿਘਨ ਬਿਜਲੀ ਮਿਲਣੀ ਚਾਹੀਦੀ ਹੈ।” ਇਆਲੀ ਨੇ ਕਿਹਾ ਕਿ ਮਹਿੰਗੇ ਡੀਜ਼ਲ ਜਨਰੇਟਰਾਂ ਰਾਹੀਂ ਕਾਰਖਾਨੇ ਚਲਾਉਣਾ ਸਨਅਤ ਲਈ ਕੋਈ ਸਥਾਈ ਹੱਲ ਨਹੀਂ ਹੈ। ਉਨ੍ਹਾਂ ਲੁਧਿਆਣਾ ਦੇ ਸਨਅਤਕਾਰਾਂ ਵੱਲੋਂ ਸਰਕਾਰ ਨੂੰ ਦਿੱਤੀ ਚਿਤਾਵਨੀ ਦੀ ਹਮਾਇਤ ਕਰਦਿਆਂ ਕਿਹਾ ਕਿ ਸਰਕਾਰ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨਾ ਚਾਹੀਦਾ ਹੈ•। ਉਹ ਸਨਅਤਕਾਰਾਂ ਦੀਆਂ ਮੰਗਾਂ ਨੂੰ ਹਰ ਢੁੱਕਵੇਂ ਮੰਚ ’ਤੇ ਚੁੱਕਣਗੇ। ਵਿਧਾਇਕ ਇਆਲੀ ਨੇ ਕਿਹਾ ਕਿ ਬਿਜਲੀ ਸੰਕਟ ਸਿਰਫ਼ ਉਦਯੋਗਿਕ ਖੇਤਰ ਤੱਕ ਸੀਮਤ ਨਹੀਂ ਹੈ। ਦਿਹਾਤੀ ਖੇਤਰਾਂ ’ਚ ਵੀ ਲੰਬੇ ਬਿਜਲੀ ਕੱਟਾਂ ਕਾਰਨ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਘੰਟਿਆਂ ਤੱਕ ਬਿਜਲੀ ਨਾ ਮਿਲਣ ਕਾਰਨ ਕਿਸਾਨਾਂ ਨੂੰ ਸਿੰਚਾਈ ਲਈ ਮਹਿੰਗੇ ਭਾਅ ’ਤੇ ਡੀਜ਼ਲ ਵਰਤਣਾ ਪੈ ਰਿਹਾ ਹੈ। ਉਦਯੋਗ ਤੇ ਖੇਤੀਬਾੜੀ ਦੋਵੇਂ ਪੰਜਾਬ ਦੀ ਆਰਥਿਕਤਾ ਦੇ ਮੁੱਖ ਥੰਮ੍ਹ ਹਨ। ਇਸ ਲਈ ਸਰਕਾਰ ਨੂੰ ਬਿਜਲੀ ਸੰਕਟ ਦਾ ਤੁਰੰਤ ਹੱਲ ਕਰਦਿਆਂ ਸਨਅਤਾਂ ਲਈ ਨਿਰਵਿਘਨ ਸਪਲਾਈ ਅਤੇ ਕਿਸਾਨਾਂ ਲਈ ਲੋੜੀਂਦੀ ਬਿਜਲੀ ਯਕੀਨੀ ਬਣਾਉਣੀ ਚਾਹੀਦੀ ਹੈ।








