ਜਲੰਧਰ : ਗੁਲਜ਼ਾਰ ਸਿੰਘ ਦੀ ਮੌਤ ਤੇ ਉਸ ਦੇ ਸਸਕਾਰ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਇਸ ਮਾਮਲੇ ‘ਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੀਤੇ ਗਏ ਟਵੀਟ ਤੋਂ ਬਾਅਦ ਰਾਜ ਸਭਾ ਮੈਂਬਰ ਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਭੱਜੀ ਨੇ ਤਿੱਖਾ ਪਲਟਵਾਰ ਕੀਤਾ ਹੈ। ਭੱਜੀ ਨੇ ਗੁਲਜ਼ਾਰ ਸਿੰਘ ਦੇ ਸਸਕਾਰ ਨੂੰ ਲੈ ਕੇ ਭਗਵੰਤ ਮਾਨ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜੇ ਸਸਕਾਰ ਵੀ ਧੱਕੇ ਨਾਲ ਕਰਵਾਏ ਜਾ ਸਕਦੇ ਹਨ ਤਾਂ ਸਰਕਾਰ ਵੱਲੋਂ ਛੱਡੇ ਗਏ ਲੋਕ ਕਿਸੇ ਦਾ ਵੀ ਰਾਹ ਰੋਕ ਸਕਦੇ ਹਨ।
ਭੱਜੀ ਨੇ ਆਪਣੀ ਸੋਸ਼ਲ ਮੀਡੀਆ ਪੋਸਟ ‘ਚ ਲਿਖਿਆ, ‘ਵੈਸੇ ਵੀ ਬਦਮਾਸ਼ੀ ਚੱਲਦੀ ਤੁਹਾਡੀ ਪੂਰੀ ਜਨਾਬ, ਤੁਸੀਂ ਜੋ ਮਰਜ਼ੀ ਕਰ ਸਕਦੇ ਹੋ। ਜੇ ਸੰਸਕਾਰ ਧੱਕੇ ਨਾਲ ਕਰਵਾ ਸਕਦੇ ਹੋ ਤਾਂ ਤੁਹਾਡੇ ਛੱਡੇ ਬਾਸ਼ਿੰਦੇ ਕਿਸੇ ਦਾ ਵੀ ਰਾਹ ਰੋਕ ਸਕਦੇ ਆ।’ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਸਾਹਮਣੇ ਆਇਆ ਜਦੋਂ ਗੁਲਜ਼ਾਰ ਸਿੰਘ ਦੇ ਮਾਮਲੇ ਨੂੰ ਲੈ ਕੇ ਸੱਤਾ ਤੇ ਵਿਰੋਧੀ ਧਿਰਾਂ ਵਿਚਾਲੇ ਸਿਆਸੀ ਤਕਰਾਰ ਲਗਾਤਾਰ ਵਧ ਰਹੀ ਹੈ। ਦਰਅਸਲ, ਬੀਤੇ ਕੱਲ੍ਹ ਭਾਜਪਾ ਆਗੂਆਂ ਨੂੰ ਵੀ ਗੁਲਜ਼ਾਰ ਸਿੰਘ ਦੇ ਮਾਮਲੇ ‘ਚ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਤੇ ਉਨ੍ਹਾਂ ਨੂੰ ਖਾਲੀ ਹੱਥ ਮੁੜਨਾ ਪਿਆ।









