ਚੰਡੀਗੜ੍ਹ : ਚੰਡੀਗੜ੍ਹ ਰਿਨਿਊਏਬਲ ਐਨਰਜੀ ਐਂਡ ਸਾਇੰਸ ਐਂਡ ਟੈਕਨਾਲੋਜੀ ਪ੍ਰਮੋਸ਼ਨ ਸੋਸਾਇਟੀ (CREST) ਦੇ 75.4 ਕਰੋੜ ਰੁਪਏ ਦੇ ਘਪਲੇ ‘ਚ ਸੀਬੀਆਈ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਅਦਾਲਤ ‘ਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ। ਚਾਰਜਸ਼ੀਟ ‘ਚ ਕ੍ਰੈਸਟ ਦੇ ਤਤਕਾਲੀ ਸੀਈਓ ਅਤੇ ਆਈਐੱਫਐੱਸ ਅਧਿਕਾਰੀ ਨਵਨੀਤ ਸ਼੍ਰੀਵਾਸਤਵ, ਵਿਪਮ ਕੰਸਲਟੈਂਸੀ ਪ੍ਰਾਈਵੇਟ ਲਿਮਟਿਡ ਅਤੇ ਇਸ ਦੀ ਡਾਇਰੈਕਟਰ ਨੂੰ ਮੁਲਜ਼ਮ ਬਣਾਇਆ ਗਿਆ ਹੈ।
ਕੰਪਨੀ ਦੀ ਡਾਇਰੈਕਟਰ ਨਵਨੀਤ ਸ਼੍ਰੀਵਾਸਤਵ ਦੀ ਪਤਨੀ ਹੈ। ਸੀਬੀਆਈ ਨੇ ਮੁਲਜ਼ਮਾਂ ਖ਼ਿਲਾਫ਼ ਅਪਰਾਧਿਕ ਸਾਜ਼ਿਸ਼, ਸਬੂਤ ਨਸ਼ਟ ਕਰਨ, ਅਪਰਾਧਿਕ ਭਰੋਸਾਘਾਤ, ਧੋਖਾਧੜੀ, ਜਾਅਲਸਾਜ਼ੀ ਅਤੇ ਜਾਅਲੀ ਦਸਤਾਵੇਜ਼ਾਂ ਨੂੰ ਅਸਲੀ ਵਜੋਂ ਇਸਤੇਮਾਲ ਕਰਨ ਸਮੇਤ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਦੋਸ਼ ਲਾਏ ਹਨ।
ਜਾਂਚ ‘ਚ ਸਾਹਮਣੇ ਆਇਆ ਕਿ ਕ੍ਰੈਸਟ ਦੇ ਸੀਈਓ ਰਹਿੰਦਿਆਂ ਨਵਨੀਤ ਸ਼੍ਰੀਵਾਸਤਵ ਨੇ ਹੋਰ ਮੁਲਜ਼ਮਾਂ ਨਾਲ ਮਿਲ ਕੇ ਸਾਜ਼ਿਸ਼ ਰਚੀ ਅਤੇ ਆਈਡੀਐੱਫਸੀ ਫਰਸਟ ਬੈਂਕ ਦੇ ਖਾਤਿਆਂ ਤੋਂ ਕ੍ਰੈਸਟ ਦੇ ਫੰਡ ਦਾ ਗਬਨ ਕੀਤਾ।
ਸੀਬੀਆਈ ਮੁਤਾਬਕ ਉਨ੍ਹਾਂ ਨੇ ਲੋਕ ਸੇਵਕ ਦੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਗੈਰ-ਕਾਨੂੰਨੀ ਰਕਮ ਵੀ ਹਾਸਲ ਕੀਤੀ। ਉਨ੍ਹਾਂ ਦੀ ਪਤਨੀ ਨੂੰ ਘਪਲੇ ਦੀ ਰਕਮ ‘ਚੋਂ 95 ਲੱਖ ਰੁਪਏ ਮਿਲੇ, ਜਿਸ ਦੀ ਵਰਤੋਂ ਅਚੱਲ ਜਾਇਦਾਦ ਖਰੀਦਣ ਲਈ ਕੀਤੀ ਗਈ।
ਇਸ ਮਾਮਲੇ ‘ਚ ਨਵਨੀਤ ਸ਼੍ਰੀਵਾਸਤਵ ਨੂੰ ਸੀਬੀਆਈ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਉਹ ਨਿਆਂਇਕ ਹਿਰਾਸਤ ‘ਚ ਹਨ। ਇਸ ਤੋਂ ਪਹਿਲਾਂ ਸੀਬੀਆਈ ਇਸ ਮਾਮਲੇ ‘ਚ 13 ਹੋਰ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਚੁੱਕੀ ਹੈ।ਇਹ ਮਾਮਲਾ ਆਈਡੀਐੱਫਸੀ ਫਰਸਟ ਬੈਂਕ ਦੀ ਸੈਕਟਰ-32 ਸ਼ਾਖਾ ‘ਚ ਹੋਏ ਵੱਡੇ ਬੈਂਕਿੰਗ ਘਪਲੇ ਨਾਲ ਜੁੜਿਆ ਹੈ। ਇਸੇ ਘਪਲੇ ‘ਚ ਹਰਿਆਣਾ ਸਰਕਾਰ ਦੇ ਅੱਠ ਵਿਭਾਗਾਂ ਤੋਂ ਕਰੀਬ 504 ਕਰੋੜ ਰੁਪਏ ਜਾਅਲੀ ਤਰੀਕਿਆਂ ਨਾਲ ਕਢਵਾਏ ਗਏ ਸਨ। ਹਰਿਆਣਾ ਮਾਮਲੇ ‘ਚ ਸੀਬੀਆਈ ਹੁਣ ਤੱਕ 37 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਚੁੱਕੀ ਹੈ।









