ਨਵੀਂ ਦਿੱਲੀ: ਕੁਣਾਲ ਖੇਮੂ (Kunal Kemmu) ਨੂੰ ਭਾਵੇਂ ਹੁਣ ਕਾਮੇਡੀ ਫ਼ਿਲਮਾਂ ਲਈ ਜਾਣਿਆ ਜਾਂਦਾ ਹੋਵੇ, ਪਰ ਉਨ੍ਹਾਂ ਦੀਆਂ ਸਭ ਤੋਂ ਯਾਦਗਾਰ ਫ਼ਿਲਮੀ ਕਹਾਣੀਆਂ ਵਿੱਚੋਂ ਇੱਕ ਉਦੋਂ ਦੀ ਹੈ ਜਦੋਂ ਉਹ ਸਿਰਫ਼ ਸੱਤ ਸਾਲ ਦੇ ਸਨ।
‘ਹਮ ਹੈਂ ਰਾਹੀ ਪਿਆਰ ਕੇ’ (Hum Hai Rahi Pyaar Ke) ਦੀ ਸ਼ੂਟਿੰਗ ਦੌਰਾਨ ਕੁਣਾਲ ਨੂੰ ਸਕੂਲ ਪਿਕਨਿਕ ਅਤੇ ਫ਼ਿਲਮ ਸੈੱਟ ਦੋਵਾਂ ਵਿੱਚੋਂ ਇੱਕ ਚੀਜ਼ ਦੀ ਚੋਣ ਕਰਨੀ ਸੀ। ਫ਼ਿਲਮ ਦੇ ਨਿਰਦੇਸ਼ਕ ਮਹੇਸ਼ ਭੱਟ (Mahesh Bhatt) ਨੇ ਆਖਰਕਾਰ ਉਨ੍ਹਾਂ ਲਈ ਫੈਸਲਾ ਆਸਾਨ ਕਰ ਦਿੱਤਾ ਜਦੋਂ ਉਨ੍ਹਾਂ ਨੂੰ ਇੱਕ ਛੋਟਾ ਜਿਹਾ ਲਾਲਚ ਦਿੱਤਾ ਗਿਆ।
ਮਹੇਸ਼ ਭੱਟ ਨੇ ਛੁਡਵਾ ਦਿੱਤੀ ਸੀ ਪਿਕਨਿਕ
‘ਹਿੰਦੁਸਤਾਨ ਟਾਈਮਜ਼’ ਨਾਲ ਗੱਲਬਾਤ ਕਰਦਿਆਂ ਕੁਣਾਲ ਨੇ ਫ਼ਿਲਮਾਂ ਵਿੱਚ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕੀਤਾ ਅਤੇ 1993 ਵਿੱਚ ਆਮਿਰ ਖ਼ਾਨ ਅਤੇ ਜੂਹੀ ਚਾਵਲਾ ਸਟਾਰਰ ਫ਼ਿਲਮ ਦੀ ਇੱਕ ਘਟਨਾ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀ ਪਿਕਨਿਕ ਉਸੇ ਦਿਨ ਪਈ ਜਿਸ ਦਿਨ ਉਨ੍ਹਾਂ ਨੂੰ ਸ਼ੂਟਿੰਗ ਲਈ ਬੁਲਾਇਆ ਗਿਆ ਸੀ।ਕੁਣਾਲ ਦੇ ਪਿਤਾ ਇਸ ਫੈਸਲੇ ਵਿੱਚ ਦਖ਼ਲ ਨਹੀਂ ਦੇਣਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਇਹ ਫ਼ਿਲਮ ਨਿਰਮਾਤਾ ਅਤੇ ਅਦਾਕਾਰ ‘ਤੇ ਛੱਡ ਦਿੱਤਾ। ਕੁਣਾਲ ਨੇ ਯਾਦ ਕਰਦਿਆਂ ਕਿਹਾ, “ਮੈਂ ਉਦੋਂ ਸਿਰਫ਼ ਸੱਤ ਸਾਲ ਦਾ ਸੀ। ਇਹ ਬਹੁਤ ਅਜੀਬ ਸੀ ਕਿਉਂਕਿ ਭੱਟ ਸਾਹਿਬ ਨੇ ਮੇਰੇ ਪਿਤਾ ਜੀ ਤੋਂ ਪੁੱਛਿਆ ਕਿ ਉਹ ਸ਼ੂਟਿੰਗ ਕਿਵੇਂ ਕਰੇਗਾ, ਕਿਉਂਕਿ ਕੱਲ੍ਹ ਉਸ ਦਾ ਇੱਕ ਸੀਨ ਹੈ। ਮੇਰੇ ਪਿਤਾ ਜੀ ਨੇ ਉਨ੍ਹਾਂ ਨੂੰ ਕਿਹਾ, ‘ਮੈਂ ਇਸ ਵਿੱਚ ਨਹੀਂ ਪੈ ਰਿਹਾ, ਤੁਸੀਂ ਲੋਕ ਇਸ ਨੂੰ ਆਪੇ ਸੁਲਝਾ ਲਵੋ’।”ਤਾਂ ਹੀ ਮਹੇਸ਼ ਭੱਟ ਨੇ 7 ਸਾਲ ਦੇ ਕੁਣਾਲ ਦੇ ਸਾਹਮਣੇ ਇੱਕ ਅਜਿਹਾ ਪ੍ਰਸਤਾਵ ਰੱਖਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਫੈਸਲਾ ਲੈਣ ਵਿੱਚ ਦੇਰ ਨਹੀਂ ਲੱਗੀ। ਕੁਣਾਲ ਨੇ ਦੱਸਿਆ ਕਿ ਉਸ ਸਮੇਂ ‘ਸਮੁਰਾਈ’ ਵੀਡੀਓ ਗੇਮ ਕਾਫ਼ੀ ਮਕਬੂਲ ਸੀ, ਪਰ ਉਨ੍ਹਾਂ ਕੋਲ ਉਹ ਗੇਮ ਨਹੀਂ ਸੀ। ਨਿਰਦੇਸ਼ਕ ਨੇ ਉਨ੍ਹਾਂ ਤੋਂ ਪੁੱਛਿਆ ਕਿ ਸ਼ੂਟਿੰਗ ਲਈ ਰੁਕਣ ਦੇ ਬਦਲੇ ਉਨ੍ਹਾਂ ਨੂੰ ਕੀ ਚਾਹੀਦਾ ਹੈ।
ਕੁਣਾਲ ਨੇ ਅੱਗੇ ਦੱਸਿਆ, “ਮੈਨੂੰ ਰਿਸ਼ਵਤ ਦਿੱਤੀ ਗਈ ਸੀ। ਉਸ ਸਮੇਂ ਸਮੁਰਾਈ ਦੀ ਇੱਕ ਵੀਡੀਓ ਗੇਮ ਬਹੁਤ ਪ੍ਰਸਿੱਧ ਸੀ। ਉਨ੍ਹਾਂ ਨੇ ਮੇਰੇ ਤੋਂ ਪੁੱਛਿਆ, ‘ਮੈਂ ਤੁਹਾਡੇ ਲਈ ਕੀ ਕਰਾਂ, ਤੁਹਾਨੂੰ ਕੀ ਲੈ ਕੇ ਦਵਾਂ ਕਿ ਤੁਸੀਂ ਨਾ ਜਾਓ?’ ਮੈਂ ਕਿਹਾ ਕਿ ਮੇਰੇ ਕੋਲ ਵੀਡੀਓ ਗੇਮ ਨਹੀਂ ਹੈ, ਤਾਂ ਉਨ੍ਹਾਂ ਨੇ ਮੈਨੂੰ ਉਹ ਵੀਡੀਓ ਗੇਮ ਲੈ ਦਿੱਤੀ।”









