ਆਲਮਗੀਰ: ਕਮਿਸ਼ਨਰੇਟ ਪੁਲਿਸ ਅਤੇ ਵਪਾਰਕ ਭਾਈਚਾਰੇ ਵਿਚਕਾਰ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਡੀਸੀਪੀ ਦਿਹਾਤੀ ਦਫ਼ਤਰ ਵਿਖੇ ਵਪਾਰ ਵਿੰਗ ਦੀ ਟੀਮ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਉੱਚ ਪੱਧਰੀ ਕੋਆਰਡੀਨੇਸ਼ਨ ਮੀਟਿੰਗ ਕੀਤੀ ਗਈ। ਇਸ ਮੌਕੇ ਸ਼ਹਿਰ ਦੀ ਕਾਨੂੰਨ-ਵਿਵਸਥਾ, ਉਦਯੋਗਿਕ ਇਲਾਕਿਆਂ ਦੀ ਸੁਰੱਖਿਆ ਤੇ ਵਪਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸਬੰਧੀ ‘ਆਪ’ ਦੇ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਪਰਮਪਾਲ ਸਿੰਘ ਬਾਵਾ ਤੇ ਹਲਕਾ ਗਿੱਲ ਤੋਂ ਵਪਾਰ ਵਿੰਗ ਦੇ ਮੈਂਬਰ ਹਰਦੀਪ ਸਿੰਘ ਚਾਵਲਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਵਪਾਰਕ ਅਦਾਰਿਆਂ ਤੇ ਉਦਯੋਗਿਕ ਇਲਾਕਿਆਂ ਦੀ ਸੁਰੱਖਿਆ ਨੂੰ ਹੋਰ ਪੁਖਤਾ ਕਰਨ ਲਈ ਪੁਲਿਸ ਤੇ ਵਪਾਰ ਮੰਡਲ ਵਿਚਕਾਰ ਸਿੱਧਾ ਸੰਚਾਰ ਤੰਤਰ ਸਥਾਪਤ ਕਰਨ ’ਤੇ ਸਹਿਮਤੀ ਬਣੀ ਹੈ। ਪੁਲਿਸ ਅਧਿਕਾਰੀਆਂ ਵੱਲੋਂ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਸਨੈਚਿੰਗ, ਚੋਰੀ ਜਾਂ ਹੋਰ ਅਪਰਾਧਿਕ ਘਟਨਾਵਾਂ ਵਿਰੁੱਧ ਤੁਰੰਤ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪਰਮਪਾਲ ਸਿੰਘ ਬਾਵਾ ਅਤੇ ਹਰਦੀਪ ਸਿੰਘ ਚਾਵਲਾ ਨੇ ਕਿਹਾ ਕਿ ਇੰਡਸਟਰੀ ਏਰੀਆ ’ਚ ਦਿਨ-ਰਾਤ ਪੁਲਿਸ ਦੇ ਨਾਕੇ ਲਾਉਣੇ ਚਾਹੀਦੇ ਹਨ। ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨਾਲ ਲੁੱਟ-ਖੋਹ ਦੀਆਂ ਘਟਨਾਵਾਂ ਕਾਰਨ ਉਨ੍ਹਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ। ਡਰ ਕਾਰਨ ਕਈ ਮਜ਼ਦੂਰ ਸ਼ਹਿਰ ਛੱਡ ਕੇ ਆਪਣੇ ਪਿੰਡਾਂ ਨੂੰ ਵਾਪਸ ਜਾਣ ਲਈ ਮਜਬੂਰ ਹੋ ਰਹੇ ਹਨ, ਜਿਸ ਦਾ ਸਿੱਧਾ ਅਸਰ ਉਦਯੋਗ ਤੇ ਵਪਾਰ ’ਤੇ ਪੈ ਰਿਹਾ ਹੈ। ਵਪਾਰ ਮੰਡਲ ਸ਼ਹਿਰ ਵਿੱਚ ਸ਼ਾਂਤੀ, ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਪੁਲਿਸ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ ਦੇਵੇਗਾ। ਡੀਸੀਪੀ ਗੁਰਸੇਵਕ ਸਿੰਘ ਨੇ ਵਪਾਰ ਵਿੰਗ ਦੀ ਟੀਮ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਵਪਾਰੀਆਂ ਦੇ ਨਾਲ ਖੜ੍ਹੀ ਹੈ। ਹਰ ਜ਼ੋਨ ਦੀ ਇੰਡਸਟਰੀ ਲਈ ਵੱਖਰਾ ਗਰੁੱਪ ਬਣਾਇਆ ਜਾਵੇਗਾ, ਜਿਸ ਵਿੱਚ ਵਪਾਰੀ ਜਾਂ ਉਦਯੋਗਪਤੀ ਆਪਣੀ ਸਮੱਸਿਆ ਸਬੰਧੀ ਮੈਸੇਜ ਕਰ ਸਕਣਗੇ ਅਤੇ ਪੁਲਿਸ ਵੱਲੋਂ ਮਾਮਲੇ ਦਾ ਤੁਰੰਤ ਨਿਪਟਾਰਾ ਕਰਨ ਲਈ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਵਪਾਰ ਮੰਡਲ ਦੇ ਵਾਈਸ ਚੇਅਰਮੈਨ ਰੋਹਿਤ ਵਰਮਾ, ਹਲਕਾ ਗਿੱਲ ਤੋਂ ਵਪਾਰ ਵਿੰਗ ਦੇ ਚੇਅਰਮੈਨ ਪ੍ਰੀਤਮੀਦਰ ਸਿੰਘ, ਬਲਾਕ ਸੰਮਤੀ ਮੈਂਬਰ ਮਨਪ੍ਰੀਤ ਸਿੰਘ ਸਮੇਤ ਵਪਾਰ ਵਿੰਗ ਦੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ।








