CITY HOME NEWS

HomeLocal Newsਸਾਵਧਾਨ : ਡੇਅਰੀ ਪਸ਼ੂਆਂ ਲਈ ਮੁੜ ਘਾਤਕ ਹੋ ਸਕਦੀ ਹੈ ਲੰਪੀ ਸਕਿਨ ਬਿਮਾਰੀ

 ਲੁਧਿਆਣਾ: ਸਾਲ 2022 ਵਿੱਚ ਉੱਤਰੀ ਭਾਰਤ ਦੇ ਪਸ਼ੂਆਂ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਕਰਨ ਵਾਲੀ ਲੰਪੀ ਸਕਿਨ ਬਿਮਾਰੀ ਮੁੜ ਡੇਅਰੀ ਪਸ਼ੂਆਂ ਲਈ ਖ਼ਤਰਾ ਬਣ ਸਕਦੀ ਹੈ। ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਪਸ਼ੂ ਪਾਲਕਾਂ ਨੂੰ ਫਾਰਮਾਂ ’ਤੇ ਜੈਵਿਕ ਸੁਰੱਖਿਆ ਤੇ ਸਫ਼ਾਈ ਦੇ ਪ੍ਰਬੰਧ ਮਜ਼ਬੂਤ ਕਰਨ ਦੀ ਸਲਾਹ ਦਿੱਤੀ।ਕਾਲਜ ਆਫ਼ ਵੈਟਰਨਰੀ ਸਾਇੰਸ ਦੇ ਡੀਨ ਡਾ. ਸਵਰਨ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਬਿਮਾਰੀ ਕੈਪਰੀਪੌਕਸ ਵਾਇਰਸ ਕਾਰਨ ਹੁੰਦੀ ਹੈ ਅਤੇ ਮੱਛਰਾਂ, ਕੱਟਣ ਵਾਲੀਆਂ ਮੱਖੀਆਂ ਤੇ ਚਿੱਚੜਾਂ ਰਾਹੀਂ ਫੈਲਦੀ ਹੈ। ਇਸ ਦੇ ਮੁੱਖ ਲੱਛਣਾਂ ਵਿੱਚ ਤੇਜ਼ ਬੁਖਾਰ ਤੋਂ ਬਾਅਦ ਸਰੀਰ ’ਤੇ ਗੰਢਾਂ ਬਣਨਾ, ਮੂੰਹ ਤੇ ਸਾਹ ਦੀ ਨਾਲੀ ਵਿੱਚ ਜ਼ਖ਼ਮ, ਨਮੂਨੀਆ ਅਤੇ ਅੰਗਾਂ ਦੀ ਸੋਜ ਸ਼ਾਮਲ ਹਨ। ਪਸ਼ੂ ਦੀ ਭੁੱਖ ਘਟਣ, ਥੁੱਕ ਡਿੱਗਣ, ਅੱਖਾਂ ਤੇ ਨੱਕ ਵਿੱਚੋਂ ਪਾਣੀ ਆਉਣ ਅਤੇ ਦੁੱਧ ਉਤਪਾਦਨ ਵਿੱਚ ਕਮੀ ਵੀ ਹੋ ਸਕਦੀ ਹੈ।

ਡਾ. ਰੰਧਾਵਾ ਨੇ ਕਿਹਾ ਕਿ ਬਿਮਾਰੀ ਦਾ ਕੋਈ ਸਿੱਧਾ ਇਲਾਜ ਨਹੀਂ ਹੈ। ਬੁਖਾਰ ਵਾਲੇ ਪਸ਼ੂ ਨੂੰ ਪਸ਼ੂ ਡਾਕਟਰ ਦੀ ਸਲਾਹ ਨਾਲ ਇਲਾਜ ਦਿੱਤਾ ਜਾ ਸਕਦਾ ਹੈ। ਬਿਮਾਰੀ ਫੈਲਣ ਤੋਂ ਰੋਕਣ ਲਈ ਲਾਗ ਕੰਟਰੋਲ ਉਪਾਵਾਂ ਦੀ ਸਖ਼ਤੀ ਨਾਲ ਪਾਲਣਾ ਜ਼ਰੂਰੀ ਹੈ।

ਵੈਟਰਨਰੀ ਮੈਡੀਸਨ ਵਿਭਾਗ ਦੀ ਮੁਖੀ ਡਾ. ਸੁਸ਼ਮਾ ਨੇ ਪਸ਼ੂਆਂ ਦੀ ਆਵਾਜਾਈ ਤੇ ਖਰੀਦ-ਵਿਕਰੀ ਵਿੱਚ ਸਾਵਧਾਨੀ ਵਰਤਣ ਅਤੇ ਸਿਹਤਮੰਦ ਪਸ਼ੂਆਂ ਦਾ ਟੀਕਾਕਰਨ ਕਰਵਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਇਹ ਬਿਮਾਰੀ ਮਨੁੱਖਾਂ ਵਿੱਚ ਨਹੀਂ ਫੈਲਦੀ ਅਤੇ ਦੁੱਧ ਨੂੰ ਉਬਾਲਣ ਜਾਂ ਪਾਸਚੁਰਾਈਜ਼ ਕਰਨ ਤੋਂ ਬਾਅਦ ਪੀਣਾ ਸੁਰੱਖਿਅਤ ਹੈ। ਯੂਨੀਵਰਸਿਟੀ ਵੱਲੋਂ 18 ਤੇ 19 ਸਤੰਬਰ ਨੂੰ ਜੈਵਿਕ ਸੁਰੱਖਿਆ ਬਾਰੇ ਪਸ਼ੂ ਪਾਲਣ ਮੇਲਾ ਵੀ ਕਰਵਾਇਆ ਜਾ ਰਿਹਾ ਹੈ।

About Author

Posted By City Home News

Leave a Reply

Your email address will not be published. Required fields are marked *