Ludhiana : ਲੁਧਿਆਣਾ ਵਿਧਾਨ ਸਭਾ ਹਲਕਾ ਦੱਖਣੀ ਦੇ ਵਾਰਡ ਨੰਬਰ 33 ਅਧੀਨ ਆਉਂਦੀ ਜਸਪਾਲ ਕਲੋਨੀ ਵਿੱਚ ਪਿਛਲੇ ਕਈ ਦਿਨਾਂ ਤੋਂ ਟੂਟੀਆਂ ਵਿੱਚ ਗੰਦੇ ਪਾਣੀ ਦੀ ਸਪਲਾਈ ਕਾਰਨ ਇਲਾਕਾ ਨਿਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਐੱਸਐੱਸਡੀ ਪਬਲਿਕ ਸਕੂਲ ਦੇ ਨੇੜਲੇ ਇਲਾਕੇ ਦੀ ਗਲੀ ਨੰਬਰ 3 ਅਤੇ 4 ਦੇ ਲੋਕਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਘਰਾਂ ਦੀਆਂ ਟੂਟੀਆਂ ਵਿੱਚੋਂ ਪਿਛਲੇ ਕਈ ਦਿਨਾਂ ਤੋਂ ਕਾਲੇ ਰੰਗ ਦਾ ਬਦਬੂਦਾਰ ਪਾਣੀ ਆ ਰਿਹਾ ਹੈ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਸ ਸਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ, ਪਰ ਹੁਣ ਤੱਕ ਕੋਈ ਅਧਿਕਾਰੀ ਮੌਕੇ ’ਤੇ ਪਹੁੰਚ ਕੇ ਸਮੱਸਿਆ ਦਾ ਹੱਲ ਕਰਨ ਨਹੀਂ ਆਇਆ। ਵੀਰਵਾਰ ਨੂੰ ਗੁੱਸੇ ਵਿੱਚ ਆਏ ਲੋਕਾਂ ਨੇ ਟੂਟੀਆਂ ਵਿੱਚੋਂ ਆ ਰਹੇ ਗੰਦੇ ਪਾਣੀ ਨੂੰ ਬੋਤਲਾਂ ਵਿੱਚ ਭਰ ਕੇ ਇਲਾਕੇ ਦੇ ਕੌਂਸਲਰ ਕੁਲਦੀਪ ਕੌਰ ਨੂੰ ਮੌਕੇ ਦਿਖਾਉਂਦੇ ਆਪਣਾ ਰੋਸ ਜਤਾਇਆ। ਕੌਂਸਲਰ ਕੁਲਦੀਪ ਕੌਰ ਦੇ ਪਤੀ ਕੁਲਵੰਤ ਸਿੰਘ ਕਾਂਤੀ ਨੇ ਕਿਹਾ ਕਿ ਇਸ ਗੰਭੀਰ ਮਾਮਲੇ ਨੂੰ ਲੈ ਕੇ ਨਗਰ ਨਿਗਮ ਜੋਨ ਦੇ ਪਾਣੀ ਅਤੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼ਿਕਾਇਤਾਂ ਦੇ ਬਾਵਜੂਦ ਕੋਈ ਵੀ ਅਧਿਕਾਰੀ ਮੌਕੇ ਦਾ ਜਾਇਜ਼ਾ ਲੈਣ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਗੰਦੇ ਪਾਣੀ ਦੀ ਸਪਲਾਈ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕੁਝ ਘਰਾਂ ਵਿੱਚ ਲੋਕ ਪੇਟ ਦੀਆਂ ਸਮੱਸਿਆਵਾਂ ਤੋਂ ਵੀ ਪਰੇਸ਼ਾਨ ਹਨ। ਪਾਈਪ ਨੂੰ ਤੁਰੰਤ ਬਦਲ ਦਿੱਤਾ ਜਾਵੇਗਾ : ਜੇਈ ਅਵਨੀਤ ਸਿੰਘ ਇਸ ਸਬੰਧੀ ਨਗਰ ਨਿਗਮ ਜੋਨ ਸੀ ਦੇ ਜੇਈ ਅਵਨੀਤ ਸਿੰਘ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਕਿਹਾ ਕਿ ਕੱਲ੍ਹ ਨੂੰ ਮੌਕੇ ’ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਥਾਂ ਪਾਣੀ ਦੀ ਪਾਈਪ ਖ਼ਰਾਬ ਜਾਂ ਲੀਕ ਹੋਣ ਕਾਰਨ ਗੰਦਾ ਪਾਣੀ ਸਪਲਾਈ ਵਿੱਚ ਮਿਲ ਰਿਹਾ ਹੈ, ਤਾਂ ਉਸ ਪਾਈਪ ਨੂੰ ਤੁਰੰਤ ਬਦਲ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜਾਂਚ ਦੌਰਾਨ ਜੇਕਰ ਕਿਸੇ ਕਰਮਚਾਰੀ ਜਾਂ ਅਧਿਕਾਰੀ ਦੀ ਲਾਪਰਵਾਹੀ ਸਾਹਮਣੇ ਆਈ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।









